
ਇੰਗਲੈਂਡ ਦਾ ਟੂਰ ਪੂਰਾ ਕਰ ਕੇ ਵਾਪਿਸ ਆ ਚੁੱਕਾ ਹਾਂ। ਸਾਰੇ ਹੀ ਪੰਜਾਬੀਆਂ ਵਲੋਂ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ। ਸਾਰੇ ਹੀ ਸ਼ੋਅ ਬਹੁਤ ਹੀ ਵਧੀਆ ਗਏ।
ਇਸ ਅਰਸੇ ਦੇ ਵਿੱਚ ਦੋਵੇਂ ਹੀ ਬਲਾਗਾਂ (ਸੰਗੀਤ ਤੇ ਕਵਿਤਾ) ਅਣਗੌਲੀਆਂ ਰਹਿ ਗਈਆਂ। ਪਿਛਲੇ ਮਹੀਨੇ ਵਿੱਚ ਮੈਂ ਕਈ ਕੁੱਝ ਨਵਾਂ ਲਿਖਿਆ ਹੈ। ਸਿਰਫ ਇੱਕ ਦੋ ਦਿਨ ਵਿੱਚ ਹੀ ਉਹ ਸਭ ਟਾਈਪ ਕਰਕੇ ਨਵੀਆਂ ਕਵਿਤਾਵਾਂ ਤੇ ਗਜ਼ਲਾਂ ਪੋਸਟ ਕਰਾਂਗਾ।
ਧੰਨਵਾਦ
Posted on July 23rd, 2010 by Sangtar
No Comments »

ਰੁੱਖਾਂ ਨੇ ਇੱਕ ਬਾਤ ਸੁਣਾਈ ਬੰਦੇ ਨੂੰ
ਹਵਾ ਦੀ ਸ਼ੂਕਰ ਸਮਝ ਨਾ ਆਈ ਬੰਦੇ ਨੂੰ
ਕਿੰਨੀ ਵਾਰੀ ਬੰਦਿਆਂ ਕੋਲ਼ੋਂ ਪੜ੍ਹ ਪੜ੍ਹ ਕੇ
ਬੰਦਿਆਂ ਸਿੱਖਿਆ ਨਵੀਂ ਪੜ੍ਹਾਈ ਬੰਦੇ ਨੂੰ
ਕਰ ਕਰ ਖੋਜਾਂ ਅਕਲ ਵਧਾਈ ਜਾਂਦਾ ਏ
ਕੀਤਾ ਅਕਲ ਦੀ ਖੋਜ ਸ਼ੁਦਾਈ ਬੰਦੇ ਨੂੰ
ਪਰਖ ਰਿਹਾ ਸਤ ਪੱਤਿਆਂ ਫਲ਼ਾਂ ਤੇ ਫੁੱਲਾਂ ਦੇ
ਰੁੱਖ ਬਣਾਈ ਜ਼ਹਿਰ ਦੁਆਈ ਬੰਦੇ ਨੂੰ
ਸਮਝਦਾਰਾਂ ਨੇ ਭਰਮ ਭੁਲੇਖੇ ਰੱਖਣ ਲਈ
ਰੱਬ ਦੇ ਨਾਮ ਦੀ ਰੱਟ ਲੁਆਈ ਬੰਦੇ ਨੂੰ
-ਸੰਗਤਾਰ
Posted on May 2nd, 2010 by Sangtar
12 Comments »

ਇੱਕ ਵਾਰ ਵਿਸਾਖੀ ਦੇ ਦਿਨ ਉੱਤੇ,
ਲੱਖਾਂ ਲੋਕ ਅਨੰਦਪੁਰ ਸਾਹਿਬ ਆਏ।
ਪਹਿਲਾਂ ਪੰਜ ਫਿਰ ਕਈ ਹਜ਼ਾਰ ਉੱਠੇ,
ਜਿਹੜੇ ਗੁਰੂ ਪਿਆਰੇ ਕਹਿ ਗਲ਼ ਲਾਏ।
ਅਸਾਂ ਤੁਸਾਂ ਦੇ ਲਈ ਕੁਰਬਾਨ ਹੋਏ,
ਰੱਖਣ ਵਾਸਤੇ ਕੌਮ ਦਾ ਨਾਮ ਜਿਉਂਦਾ,
ਗੱਲਾਂ ਦੱਸਿਆ ਕਰੋ ਇਹ ਬੱਚਿਆਂ ਨੂੰ,
ਸੂਰਜ ਚਮਕਦਾ ਕਿਤੇ ਨਾ ਮਿਟ ਜਾਏ।
-ਸੰਗਤਾਰ
Posted on April 19th, 2010 by Sangtar
6 Comments »

ਆਪ ਕਟਾ ਕੇ ਵਾਲ਼ ਬਲੀਚ ਕਰਾਉਣ ਨੂੰ ਫਿਰਦੇ ਨੇ
‘ਕਲਚਰ ਬਚ ਜਏ’ ਕੁੜੀ ਦੀ ਜੀਨ ਲਹਾਉਣ ਨੂੰ ਫਿਰਦੇ ਨੇ
ਸ਼ੌਂਕੀ ਸਾਹਿਤ ਦਾ ਤਾਂ ਇੱਥੇ ਲੱਭਿਆਂ ਮਿਲ਼ਦਾ ਨਹੀਂ
ਪਰ ਮੋੜਾਂ ਤੇ ਮੀਲ ਪੱਥਰ ਲਗਵਾਉਣ ਨੂੰ ਫਿਰਦੇ ਨੇ
ਕਈ ਵਾਰੀ ਦਿਲ ਏਨਾ ਦੁਖੇ ਕਿ ਹਾਲਤ ਪੁੱਛੋ ਨਾ
‘ਪੰਜਾਬੀ’ ਜੱਜੇ ਪੈਰ ‘ਚ ਬਿੰਦੀ ਪਾਉਣ ਨੂੰ ਫਿਰਦੇ ਨੇ
ਸਾਂਝੀ ਬੋਲੀ ਸਾਂਝੀ ਧਰਤੀ ਸਾਂਝੇ ਪਾਣੀ ਤੇ
ਧਰਮ ਦੀ ਕੂਚੀ ਲੈ ਕੇ ਲੀਕਾਂ ਵਾਹੁਣ ਨੂੰ ਫਿਰਦੇ ਨੇ
ਸੂਝਵਾਨ ਤਾਂ ਡਰਦੇ ਹੀ ਇਸ ਵੱਡੇ ਟੋਲੇ ਤੋਂ
ਪੇਪਰ ਤੁੰਨ ਝੋਲ਼ੇ ਵਿੱਚ ਜਾਨ ਬਚਾਉਣ ਨੂੰ ਫਿਰਦੇ ਨੇ
ਗੀਤਾਂ, ਗਜ਼ਲਾਂ ਗਲਪ ਬਿਨਾ ਕੀ ਬਚੂ ਪੰਜਾਬੀ ਦਾ
ਪਤਾ ਨਹੀਂ, ਪਰ ਇਸ ਤੇ ਮਰਨ ਮਰਾਉਣ ਨੂੰ ਫਿਰਦੇ ਨੇ
-ਸੰਗਤਾਰ
Posted on April 15th, 2010 by Sangtar
10 Comments »

ਹਰ ਫੁੱਲ ਦੀਆਂ ਸੁਗੰਧੀਆਂ ਮਨ ਨੂੰ ਭਾਉਂਦੀਆਂ ਨਹੀਂ
ਸਭ ਸੱਜਣਾਂ ਦੀਆਂ ਸੰਗਤਾਂ ਸਦਾ ਸੁਹਾਂਦੀਆਂ ਨਹੀਂ
ਉੱਡ ਉੱਡ ਦਿਲ ਦੇ ਟੁਕੜੇ ਜਾਣ ਤਾਂ ਕਈ ਪਾਸੇ
ਹਰ ਪਾਸੇ ਤੋਂ ਠੰਡੀਆਂ ‘ਵਾਵਾਂ ਆਉਂਦੀਆਂ ਨਹੀਂ
ਕਿੰਨੇ ਜਲਣ ਪਤੰਗੇ ਸੜ ਕੇ ਲਾਟਾਂ ਤੇ
ਕੀ ਮਾਵਾਂ ਤੋਰਨ ਵੇਲੇ ਕੁਛ ਸਮਝਾਉਂਦੀਆਂ ਨਹੀਂ
ਲਿਖ ਲੈ ਉੱਠ ਕੇ ਇੱਕ ਦੋ ਗੀਤ ਮੁਹੱਬਤ ਦੇ
ਕਾਲ਼ੀਆਂ ਏਦਾਂ ਰੋਜ਼ ਘਟਾਵਾਂ ਛਾਉਂਦੀਆਂ ਨਹੀਂ
ਉੱਠਦਿਆਂ ਸਾਰ ਹੀ ਸੁਪਨੇ ਦੀ ਖ਼ੁਸ਼ਬੋ ਮਰ ਗਈ
ਸੌਂਦੀਆਂ ਜਦੋਂ ਬਹਾਰਾਂ ਨੀਂਦਾਂ ਆਉਂਦੀਆਂ ਨਹੀਂ
-ਸੰਗਤਾਰ
Posted on April 9th, 2010 by Sangtar
8 Comments »

ਪੰਜਾਬੀ ਸਾਹਿਤ ਨੂੰ ਮੋਹ ਕਰਨ ਵਾਲਿਆਂ ਲਈ ਬੜੇ ਦੁੱਖ ਵਾਲੀ ਖਬਰ ਹੈ ਕਿ ਪੰਜਾਬੀ ਸ਼ਾਇਰ, ਸਾਹਿਤਕਾਰ, ਅਲੋਚਕ ਅਤੇ ਖੋਜੀ ਡਾ. ਜਗਤਾਰ ਕੱਲ ਦਮੇ ਤੇ ਸ਼ੂਗਰ ਦੀ ਬਿਮਾਰੀ ਨਾਲ਼ ਜੂਝਦੇ ਹੋਏ ਦਮ ਤੋੜ ਗਏ। ਮੈਂ ਹਾਲੇ ਇੱਕ ਮਹਿਨਾ ਪਹਿਲਾਂ ਹੀ ਉਹਨਾਂ ਨੂੰ ਮਿਲ਼ ਕੇ ਆਇਆ ਹਾਂ। ਉਹਨਾਂ ਦੇ ਸ਼ੇਅਰ ਅਤੇ ਉਹਨਾਂ ਦਾ ਸੰਗਠਤ ਕੀਤਾ ਹੋਇਆ ਪੰਜਾਬੀ ਸੂਫੀ ਕਾਵਿ ਸਦੀਆਂ ਤੱਕ ਪੰਜਾਬੀਆਂ ਦੇ ਮਨ ਵਿੱਚ ਗੂੰਜਦੇ ਰਹਿਣਗੇ । ਇੱਥੇ ਉਹਨਾਂ ਦੀ ਇੱਕ ਗ਼ਜ਼ਲ ਦੇ ਕੁੱਝ ਸ਼ੇਅਰ ਦਰਜ ਕਰ ਰਿਹਾਂ ਹਾਂ:
ਮੈਂ ਕਿਤੇ ਰੁਕਣਾ ਨਹੀਂ, ਛਾਵਾਂ ਸਰਾਵਾਂ ਵਿੱਚ ਕਦੇ
ਹਮਸਫਰ ਰਸਤੇ ‘ਚ ਕੋਈ ਰਹਿ ਲਵੇ ਤਾਂ ਰਹਿ ਲਵੇ
ਮੈਂ ਕਰਾਂਗਾ ਸਭ ਨਬੇੜੇ ਬੈਠ ਕੇ ਸੂਰਜ ਦੇ ਨਾਲ਼
ਛਾਂ ਤੇਰੀ ਦੀਵਾਰ ਦੀ ਕੁੱਝ ਹੋਰ ਥੱਲੇ ਲਹਿ ਲਵੇ
ਮੇਰਾ ਦਿਲ ਦਰਿਆ ਹੈ, ਫੱਲਾਂ ਦੇ ਨਾ ਮੌਸਮ ਤੋਂ ਡਰੇ
ਮੇਰੇ ਘਰ ਅੰਦਰ ਖਿਜ਼ਾਂ ਬੇਖੌਫ ਹੋ ਕੇ ਰਹਿ ਲਵੇ
-ਡਾ. ਜਗਤਾਰ
Posted on March 31st, 2010 by Sangtar
42 Comments »

ਦਰਿਆ ਦੇ ਦਿਲ ਦੇ ਦਰਿਆ ਵਿੱਚ
ਹੜ੍ਹ ਹੈ,
ਤੁਫ਼ਾਨ ਹੈ,
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ
ਕਦੇ ਕਦਾਈਂ ਦਿਲ ਦਰਿਆ ਤੇ
ਕੜਕਦੀਆਂ ਬਿਜਲੀਆਂ ‘ਚੋਂ
ਕੋਈ ਤਰੰਗ ਬਾਹਰ ਆਉਂਦੀ ਹੈ
ਸ਼ਾਂਤ ਵਗਦੇ ਪਾਣੀ ਵਿੱਚ
ਕੋਈ ਮਛਲੀ ਛਟਪਟਾਉਂਦੀ ਹੈ
ਕਦੇ ਕਦਾਈਂ ਦਿਲ ਦਰਿਆ ਤੇ
ਵਗਦੀਆਂ ਤੇਜ਼ ਹਵਾਵਾਂ ‘ਚੋਂ
ਕੋਈ ਬੁੱਲਾ ਬਾਹਰ ਆਉਂਦਾ ਹੈ
ਦਰਿਆ ਛਟਪਟਾਉਂਦਾ ਹੈ
ਦਰਿਆ ਦੇ ਦਿਲ ਦੇ ਦਰਿਆ ਵਿੱਚ
ਹੜ੍ਹ ਹੈ,
ਤੁਫ਼ਾਨ ਹੈ,
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ
-ਸੰਗਤਾਰ
Posted on March 25th, 2010 by Sangtar
5 Comments »
ਭਗਤ ਸਿੰਘ ਦੀ ਜਦੋਂ ਤਸਵੀਰ ਵੇਖੀ
ਵਿੱਚ ਦਿਲ ਦੇ ਕਈ ਖਿਆਲ ਆਏ।
ਰੰਗ ਬਦਲਿਆਂ ਦਿਲ ਨਾ ਜਾਣ ਬਦਲੇ
ਲੀਡਰ ਖੇਡਦੇ ਸਦਾ ਹੀ ਚਾਲ ਆਏ।
ਜਾਨ ਦੇ ਕੇ ਭਰ ਜਵਾਨ ਉਮਰੇ
ਉਹਨੇ ਖਾਬ ਅਜ਼ਾਦੀ ਦਾ ਵੇਖਿਆ ਸੀ
ਉਹਦੇ ਦਿਲ ਦੀ ਆਸ ਨਾ ਹੋਈ ਪੂਰੀ
ਸਾਲ ਮਗਰੋਂ ਬੀਤਦੇ ਸਾਲ ਆਏ।
-ਸੰਗਤਾਰ
Posted on March 23rd, 2010 by Sangtar
12 Comments »

ਜਿਹਨੇ ਖੇਡ ਕੇ ਗਲ਼ੀ ਵਿੱਚ ਵੇਖਿਆ ਨਾ
ਜਿਹਦੇ ਤਨ ਨੂੰ ਮਿੱਟੀ ਨਾ ਕਦੇ ਲੱਗੀ
ਹੱਥ ਫੜੀ ਨਾ ਕਦੇ ਗੁਲੇਲ ਹੋਵੇ
ਰੇੜ੍ਹੀ ਹੋਵੇ ਨਾ ਮਿੱਟੀ ਦੀ ਬਣੀ ਗੱਡੀ
ਰਗੜੀ ਅੰਬ ਦੀ ਕਦੇ ਨਾ ਗੁਠੀ ਹੋਵੇ
ਨੜਾ ਚੀਰ ਨਾ ਬੀਨ ਬਣਾ ਛੱਡੀ
ਮੁੰਜ ਬਗੜ ਸਰੁਹਾੜ ਕੀ ਖੜ ਕਾਹੀ
ਤੂੜੀ ਤੂੜ ਕੇ ਵੇਖੀ ਨਾ ਹੋਏ ਲੱਦੀ
ਠੋਹਲੇ ਅਤੇ ਭੜੋਲੇ ਨੇ ਕੀ ਹੁੰਦੇ
ਚਾਟੀ ਚੱਪਣੀ ਗਾਗਰ ਤੇ ਘੜਾ ਕੀ ਏ
ਭਾਬੀ ਸੱਸ ਤੇ ਨਣਦ ਦੀ ਕੀ ਟੱਕਰ
ਅਜੇ ਕੌਣ ਕੁਆਰਾ ਤੇ ਛੜਾ ਕੀ ਏ
ਸੱਥ ਕੀ ਤੇ ਕੀ ਪੰਚਾਇਤ ਹੁੰਦੀ
ਬੁੱਢਾ ਪਿੱਪਲ਼ ਤੇ ਪਿੰਡ ਦਾ ਥੜ੍ਹਾ ਕੀ ਏ
ਏਕੜ ਖੇਤ ਘੁਮਾ ਤੇ ਕੀ ਪੈਲ਼ੀ
ਮਰਲਾ ਕਰਮ ਕਨਾਲ਼ ‘ਚੋਂ ਬੜਾ ਕੀ ਏ
ਅਰਲ਼ੀ ਹਲ਼ਸ ਪੰਜਾਲ਼ੀ ਤੇ ਜੁੰਗਲ਼ੇ ਨੂੰ
ਭੁੱਲ਼ੀ ਜਾਂਦੇ ਨੇ ਲੋਕ ਬੇਲੋੜ ਕਹਿ ਕੇ
ਦੇਸੀ ਆਖਦੇ ਨੇ ਅਸਲੀ ਚੀਜ਼ ਤਾਂਈਂ
ਬਦਲੀ ਜਾਂਦੇ ਨੇ ਵਕਤ ਦਾ ਮੋੜ ਕਹਿ ਕੇ
ਉਂਞ ਠੀਕ ਵੀ ਵਕਤ ਦੇ ਨਾਲ਼ ਤੁਰਨਾ
ਪਰ ਭੁੱਲ ਨਾ ਜਾਇਓ ਜ਼ੁਬਾਨ ਆਪਣੀ
ਨਹੀਂ ਤਾਂ ਮਾਰੇਗੀ ਸ਼ਰਮ ਜਦ ਬੱਚਿਆਂ ਨੇ
ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ
-ਸੰਗਤਾਰ
Posted on March 18th, 2010 by Sangtar
25 Comments »

ਇੰਞ ਨਾ ਖ਼ਫ਼ਾ ਹੋ!
ਜਾਂ ਫਿਰ ਦਫ਼ਾ ਹੋ!
ਨਾਸੂਰ ਬਣ ਜਾ
ਅਹਿਲੇ-ਜ਼ਫ਼ਾ ਹੋ!
ਕੁਝ ਤੇ ਅਸਰ ਕਰ
ਘਟ ਜਾਂ ਨਫ਼ਾ ਹੋ!
ਜਾਂ ਮਜਨੂੰ ਬਣ ਜਾ
ਜਾਂ ਬੇ-ਵਫ਼ਾ ਹੋ!
ਕਾਲ਼ਖ ‘ਚ ਡੁੱਬਿਆ
ਚਿੱਟਾ ਸਫ਼ਾ ਹੋ!
-ਸੰਗਤਾਰ
Posted on March 14th, 2010 by Sangtar
5 Comments »