ਚੰਗੇ ਦਿਨ
ਕੋਈ ਕੋਈ ਦਿਨ ਜਿਹਦੀ ਸ਼ਾਮ ਨਾ ਢਲ਼ੇ
ਕੋਈ ਕੋਈ ਸ਼ਾਮ ਕਦੇ ਰਾਤ ਹੁੰਦੀ ਨਾ
ਕਿਸੇ ਕਿਸੇ ਰਾਤ ਦੀ ਸਵੇਰ ਨਾ ਚੜ੍ਹੇ
ਸੁਪਨੇ ਨਾ ਨੀਂਦ ਮੁਲਾਕਾਤ ਹੁੰਦੀ ਨਾ
ਕੋਈ ਕੋਈ ਸਵੇਰ ਜਦੋਂ ਟੀ ਵੀ ਅਖਵਾਰਾਂ ਤੇ ਵੀ
ਸੁਪਨੇ ਸਲੀਬਾਂ ਉੱਤੇ ਟੰਗੇ ਹੁੰਦੇ ਨੇ
ਪਰ ਕਈ ਦਿਨ ਇਨ੍ਹਾਂ ਨਾਲ਼ੋਂ ਚੰਗੇ ਹੁੰਦੇ ਨੇ
ਕਿਸੇ ਕਿਸੇ ਦਿਨ ਐਵੇਂ ਲੱਗ ਜਏ ਉਦਾਸੀ
ਯਾਦ ਆਉਣ ਚਿਹਰੇ ਜਿਹੜੇ ਭੁੱਲ ਬੈਠੇ ਆਂ
ਕਿਸੇ ਕਿਸੇ ਦਿਨ ਹੋਵੇ ਬੜਾ ਪਛਤਾਵਾ
ਕਾਹਦੇ ਪਿੱਛੇ ਐਨਾ ਫੁੱਲ ਫੁੱਲ ਬੈਠੇ ਆਂ
ਬੜਾ ਅਫਸੋਸ ਹੁੰਦਾ ਵਿੱਛੜੇ ਯਾਰਾਂ ਦਾ
ਜਦੋਂ ਆਪਣੇ ਹੀ ਹੱਥ ਲਹੂ ਰੰਗੇ ਹੁੰਦੇ ਨੇ
ਪਰ ਕਈ ਦਿਨ ਇਨ੍ਹਾਂ ਨਾਲ਼ੋਂ ਚੰਗੇ ਹੁੰਦੇ ਨੇ
-ਸੰਗਤਾਰ
ਆਵਾਰਾਗਰਦੀ

ਮੇਰੀ ਸੋਚ ਆਵਾਰਾਗਰਦ ਜਿਹੀ
ਫਿਰ ਓਸੇ ਗਲ਼ੀ ਵਿੱਚ ਘੁੰਮਦੀ ਏ
ਜਿੱਥੇ ਗੱਡੀ ਸੂਲ਼ੀ ਮੇਰੇ ਲਈ
ਓਸ ਸ਼ਹਿਰ ਦੇ ਰਸਤੇ ਚੁੰਮਦੀ ਏ
ਖਿੱਚ ਖਿੱਚ ਕੇ ਲੰਬੇ ਕਰ ਦਿੱਤੇ
ਇਹਨੇ ਜਾਗਦੇ ਪਲ ਵਿਛੋੜੇ ਦੇ
ਰੰਗ ਸਰਦ ਸਲੇਟੀ ਹੋ ਗਏ ਨੇ
ਅੰਬਰ ਤੋਂ ਤਾਰੇ ਤੋੜੇ ਦੇ
ਰੰਗ ਖੂਨ ਤੇ ਦੁੱਧ ਦਾ ਇੱਕ ਦਿਸਦਾ
ਕਾਤਿਲ ਦੀ ਨਿਸ਼ਾਨੀ ਕੌਣ ਕਰੇ?
ਪੈਰਾਂ ਨੂੰ ਬੇੜੀ ਪੈ ਸਕਦੀ
ਰੂਹ ਦੀ ਨਿਗਰਾਨੀ ਕੌਣ ਕਰੇ?
-ਸੰਗਤਾਰ
ਨਹੀਂ ਮੁੜਦੇ

ਜਿਨ੍ਹਾਂ ਲੇਖ ਲਿਖਾ ਲਏ ਮਾੜੇ
ਲਿਖਿਓ ਨਹੀਂ ਮੁੜਕੇ ਮੁੜਦੇ
ਜਦ ਮੌਤ ਮੁਕਾ ਲਏ ਸੌਦਾ
ਵਿਕਿਓ ਨਹੀਂ ਮੁੜਕੇ ਮੁੜਦੇ
ਇੱਕ ਦੋ ਦਿਨ ਸਫਰ ਤਿਆਰੀ
ਇੱਕ ਦੋ ਦਿਨ ਸਫਰ ਸਵਾਰੀ
ਜਿਹੜੇ ਜਾ ਬੈਠੇ ਪਰਦੇਸੀਂ
ਟਿਕਿਓ ਨਹੀਂ ਮੁੜਕੇ ਮੁੜਦੇ
ਇੱਕ ਦੋ ਦਿਨ ਜਾਨ ਜਵਾਨੀ
ਇੱਕ ਦੋ ਦਿਨ ਹੋਰ ਨਿਸ਼ਾਨੀ
ਜਦ ਸਮਾਂ ਮਿਟਾ ਦਏ ਪੈੜਾਂ
ਮਿਟਿਓ ਨਹੀਂ ਮੁੜਕੇ ਮੁੜਦੇ
-ਸੰਗਤਾਰ
ਹਨ੍ਹੇਰੇ ਵਿੱਚ
ਜਦ ਵੀ ਤੇਰੀ ਆਵਾਜ਼
ਸੁਣਦੀ ਹੈ,
ਰਾਤ ਦੇ ਹਨ੍ਹੇਰੇ ਵਿੱਚ
ਮੈਂ ਅੱਖਾਂ ਬੰਦ ਕਰਕੇ
ਵੇਖਦਾ ਹਾਂ
ਬੀਤੇ ਦਿਨ ਦੀ
ਲਾਸ਼ ਤੇ ਰੋਂਦਾ
ਇੱਕ ਬੁਝਿਆ ਹੋਇਆ ਸੂਰਜ।
-ਸੰਗਤਾਰ
ਇੱਕ ਦੋ ਲਫਜ਼
ਇੱਕ ਦੋ ਲਫ਼ਜ਼ ਤੇਰੇ ਲਈ
ਇੱਕ ਦੋ ਲਫ਼ਜ਼ ਮੇਰੇ ਲਈ
ਬਾਕੀ ਕਿਸੇ ਦੇ ਨਾਮ
ਫਿਰ ਵੀ ਅਸੀਂ ਬਦਨਾਮ
ਨਾ ਸੂਰਜਾਂ ਮੂਹਰੇ ਖੜ੍ਹੇ
ਨਾ ਤਾਰਿਆਂ ਦੇ ਹੱਥ ਫੜੇ
ਆਪੇ ਪਈ ਹੈ ਸ਼ਾਮ
ਫਿਰ ਵੀ ਅਸੀਂ ਬਦਨਾਮ
ਰੌਲ਼ੇ ਅਸਾਂ ਪਾਏ ਨਹੀਂ
ਤੱਕ ਕੰਨ ਪੜਵਾਏ ਨਹੀਂ
ਭੇਜੇ ਨਹੀਂ ਪੈਗ਼ਾਮ
ਫਿਰ ਵੀ ਅਸੀਂ ਬਦਨਾਮ
ਦੀਦੇ ਗੁਆ ਕੇ ਆਪਣੇ
ਅੱਥਰੂ ਕਸ਼ੀਦੇ ਪਾਪਣੇ
ਪੀਤਾ ਨਹੀਂ ਏ ਜਾਮ
ਫਿਰ ਵੀ ਅਸੀਂ ਬਦਨਾਮ
ਹੌਂਕੇ ਦੀ ਸੂਲ਼ੀ ਚੜ੍ਹਨ ਦਾ
ਤੇ ਚੁੱਪ ਚੁਪੀਤੇ ਮਰਨ ਦਾ
ਮਿਲ਼ ਵੀ ਗਿਆ ਈਨਾਮ
ਫਿਰ ਵੀ ਅਸੀਂ ਬਦਨਾਮ
ਬੁੱਕਲ਼ ਸਬਰ ਦੀ ਮਾਰ ਕੇ
ਸਭ ਕੁਝ ਲੁਟਾ ਹੱਥ ਝਾੜਕੇ
ਮੰਗਦੇ ਸਿਰਫ ਆਰਾਮ
ਫਿਰ ਵੀ ਅਸੀਂ ਬਦਨਾਮ।
-ਸੰਗਤਾਰ
ਫਿਤਰਤ

ਉਸਦਾ ਇਰਾਦਾ ਤਾਂ
ਮਹਿਬੂਬ ਦੇ ਤਨ ਨੂੰ
ਸਿਉਂਕ ਬਣ ਕੇ ਖਾਣ ਦਾ ਸੀ
ਪਰ ਝੱਲੀ ਦੀ
ਪਾਕ ਮੁਹੱਬਤ ਨੇ ਪਲ਼ੋਸ ਕੇ
ਉਸਨੂੰ ਪਰਵਾਨਾ ਬਣਾ ਦਿੱਤਾ
ਫਿਰ ਵੀ
ਉਹ ਨਾ-ਸ਼ੁਕਰਾ ਉੱਡ ਗਿਆ
ਕਿਸੇ ਪਰਾਈ ਲਾਟ ਤੇ
ਜਲ਼ ਕੇ ਅਮਰ ਹੋਣ ਲਈ।
-ਸੰਗਤਾਰ




