Skip to content

Archive for November, 2009

15
Nov

ਸੋਚ

0911-burnt-forest

ਸੋਚ ਸਮਝ ਹਿਸਾਬ ‘ਚੋਂ
ਤੇਰੀ ਧਰਮ  ਕਿਤਾਬ ‘ਚੋਂ

ਲੱਭਿਆ ਤਾਂ ਇਹ ਕੁਝ ਲੱਭਿਆ
ਲੱਗਿਆ ਕੁਛ ਏਦਾਂ ਲੱਗਿਆ

ਕਿ ਰੱਬ ਨਾਲ਼ ਰੁੱਸਿਆਂ ਵੈਰ ਨਾ!
ਧਰਮਾਂ ਨਾਲ਼ ਰੁੱਸਿਆਂ ਖ਼ੈਰ ਨਾ!

-ਸੰਗਤਾਰ

13
Nov

ਏਦਾਂ ਨਾ ਜ਼ਖ਼ਮ ਭਰਨੇ

ਏਦਾਂ ਨਾ ਜ਼ਖ਼ਮ ਭਰਨੇ ਏਦਾਂ ਨਾ ਵਕਤ ਸਰਨਾ
ਗੱਲ ਕੀ ਭਲਾ ਇਹ ਹੋਈ ਗੱਲ ਹੀ ਨਾ ਕੋਈ ਕਰਨਾ

ਕੋਈ ਤਾਂ ਢੂੰਢ ਦਿੰਦੇ ਦੁਨੀਆਂ ’ਚ ਓਸ ਵਰਗਾ
ਦਿਲ ਨੂੰ ਲਗਾ ਕੇ ਏਦਾਂ ਕਾਹਨੂੰ ਭਲਾ ਸੀ ਮਰਨਾ

ਟਕਰਾ ਜੇ ਮੁੱਕ ਜਾਵੇ ਦਰਿਆ ਹੀ ਸੁੱਕ ਜਾਵੇ
ਵਗਣੇ ਨੇ ਮਸਤ ਪਾਣੀ ਕੰਢਿਆਂ ਨੇ ਇੰਞ ਖਰਨਾ

ਜਿੰਨਾ ਕੁ ਦਰਦ ਦਿਸਿਆ ਜਿੰਨੇ ਕੁ ਬੋਲ ਬੋਲੇ
ਲਿਖਿਆ ਅਗਰ ਉਹੀ ਤਾਂ ਫਿਰ ਕਿਸ ਨੇ ਤਰਸ ਕਰਨਾ

ਜਦ ਰੁੱਖ ਮੌਲ਼ਦੇ ਨੇ ਵਿਰਲੇ ਹੀ ਗੌਲ਼ਦੇ ਨੇ
ਸ਼ੇਅਰਾਂ ਨੂੰ ਪੜ੍ਹ ਕੇ ਸੋਚੋ ਮਨ ਕੀ ਕਿਸੇ ਦਾ ਭਰਨਾ।

-ਸੰਗਤਾਰ

11
Nov

ਅੱਗ ਤੇ ਧੂੰਆਂ

0911-smoke

ਇੱਛਰਾਂ ਨੂੰ ਬੰਨ੍ਹ ਰੱਖਣਾ ਏ ਮਜਬੂਰੀਆਂ
ਪੂਰਨਾਂ ਨੇ ਜਾਈ ਜਾਣਾ ਦੂਰ ਪਾ ਕੇ ਦੂਰੀਆਂ

ਇੱਕੋ ਗੱਲ ਸਮਝ ਨਾ ਆਈ ਸਾਰੇ ਜੱਗ ਨੂੰ
ਉੱਡ ਜਾਂਦਾ ਧੂੰਆਂ ਕਾਹਤੋਂ ਉੱਚਾ ਛੱਡ ਅੱਗ ਨੂੰ

-ਸੰਗਤਾਰ

10
Nov

ਮਿੱਟੀ ਦਾ ਪਿਆਰ

0911-sinking-ship

ਮੇਰੇ ਨਾਲ਼ ਦੇ ਸਭ ਘਸੀਟੇ ਗਏ, ਮੈਨੂੰ ਵੀ ਸਜ਼ਾ ਸੁਣਾਵਣਗੇ
ਮਿੱਟੀ ਵਿੱਚ ਰਾਖ਼ ਰੁਲ਼ਾ ਸਾਡੀ, ਮਿੱਟੀ ਦਾ ਪਿਆਰ ਸਿਖਾਵਣਗੇ

ਉਹ ਲੋਕ ਜੋ ਲੱਭਦੇ ਫਿਰਦੇ ਨੇ ਟੁੱਟੇ ਹੋਏ ਟੁਕੜੇ ਤਾਰਿਆਂ ਦੇ
ਮੈਨੂੰ ਪਤਾ ਹੈ ਰਾਤੀਂ ਝੋਲ਼ੇ ਵਿੱਚ ਕੁੱਝ ਪੱਥਰ ਲੈ ਘਰ ਜਾਵਣਗੇ

 ਜੁਗਨੂੰ ਨੂੰ ਕੱਟ ਕੇ ਲੱਭ ਸਕਦੈ ਕੋਈ ਖੋਜੀ ਕਾਰਣ ਜਗਣੇ ਦਾ
ਪਰ ਤੜਪ ਇਕੱਠੇ ਚਮਕਣ ਦੀ ਦਾ ਭੇਦ ਕਵੀ ਹੀ ਪਾਵਣਗੇ

ਜਿਨ੍ਹਾਂ ਸੌਦਾ ਵੇਚ ਕੇ ਸੌਂ ਜਾਣਾ ਉਨ੍ਹਾਂ ਨੂੰ ਸਮਝ ਇਹ ਨਹੀਂ ਆਉਣਾ
ਕਿੰਜ ਰੁੱਖਾਂ ਰੋਣਾ ਉਸ ਵੇਲ਼ੇ ਜਦ ਅੰਬਰੀਂ ਬੱਦਲ਼ ਛਾਵਣਗੇ

ਜਿੰਨਾ ਕੋਈ ਦਿਲ ਦਾ ਸੌੜਾ ਏ ਬਣੇ ਉੱਨਾ ਦੇਸ਼ ਭਗਤ ਜ਼ਿਆਦਾ
ਨਫ਼ਰਤ ਦੀ ਭਰ ਕੇ ਪਿਚਕਾਰੀ ਰੈਲੀ ਵਿੱਚ ਰੰਗ ਵਿਖਾਵਣਗੇ

ਗੱਲ ਮਾਨਵਤਾ ਦੀ ਕਰਦੇ ਜੋ ਧਰਮਾਂ ਦੇ ਪਿੱਠੂ ਬਣਦੇ ਨਹੀਂ
ਜੋ ਸਿਜਦਾ ਸੱਚ ਨੂੰ ਕਰਦੇ ਨੇ ਪੁੱਠੇ ਉਹ ਸਭ ਲਟਕਾਵਣਗੇ

ਜਿਨ੍ਹਾਂ ਊੜਾ ਐੜਾ ਸਿੱਖਿਆ ਨਹੀਂ ਕੁੱਝ ਪੜ੍ਹਿਆ ਨਹੀਂ ਕੁੱਝ ਲਿਖਿਆ ਨਹੀਂ
ਜਿਹੜੇ ਦੁਸ਼ਮਣ ਬਾਕੀ ਬੋਲੀਆਂ ਦੇ ਉਹ ਆਪਣੀ ਕਿੰਞ ਬਚਾਵਣਗੇ

ਮੈਂ ਸੱਭਿਆਚਾਰ ਤੇ ਵਿਰਸੇ ਦੀ ਸੌ ਮੰਡੀ ਲੱਗਦੀ ਵੇਖੀ ਏ
ਨਿੱਤ ਦੀ ਬੇਸ਼ਰਮ ਨਿਲਾਮੀ ਤੋਂ ਇੱਕ ਦੋ ਕੀ ਦੇਸ਼ ਬਚਾਵਣਗੇ

ਤੂੰ ਘੱਟ ਕੀਤਾ, ਮੈਂ ਵੱਧ ਕੀਤਾ, ਤੂੰ ਦੋਸ਼ੀ ਏਂ, ਮੈਂ ਸਾਦਿਕ ਹਾਂ
ਡੁੱਬਦੇ ਸੰਗਤਾਰ ਜਹਾਜ਼ ਉੱਤੇ ਇੰਜ ਲੜਦੇ ਸਭ ਮਰ ਜਾਵਣਗੇ

ਮੇਰੇ ਨਾਲ਼ ਦੇ ਸਭ ਘਸੀਟੇ ਗਏ, ਮੈਨੂੰ ਵੀ ਸਜ਼ਾ ਸੁਣਾਵਣਗੇ
ਮਿੱਟੀ ਵਿੱਚ ਰਾਖ਼ ਰੁਲ਼ਾ ਸਾਡੀ, ਮਿੱਟੀ ਦਾ ਪਿਆਰ ਸਿਖਾਵਣਗੇ

-ਸੰਗਤਾਰ

9
Nov

ਗੰਦਾ ਲਹੂ

face

ਹੌਲ਼ੀ ਹੌਲ਼ੀ
ਸਾਰਿਆਂ ਦੀ ਰੂਹ ਤੇ
ਉੱਗ ਆਉਂਦੇ ਨੇ

ਜ਼ਖਮ ਲਾਰਿਆਂ ਦੇ
ਫੋੜੇ ਉਡੀਕਾਂ ਦੇ
ਛਾਲੇ ਵਿਸ਼ਵਾਸ਼ਘਾਤਾਂ ਦੇ

ਇਨ੍ਹਾਂ ਵਿੱਚੋਂ
ਹੌਂਕਿਆਂ ਤੇ ਗਾਲ਼ਾਂ ਦਾ
ਰਿਸਦਾ ਗੰਦਾ ਲਹੂ
ਹੋਰ ਕਿਸੇ ਕੰਮ ਨਹੀਂ ਆਉਂਦਾ

ਇਹ ਸਿਰਫ
ਜ਼ਿੰਦਗੀ ਦੇ ਹੁਸੀਨ
ਕੀਮਤੀ ਪਲਾਂ ਵਿੱਚ
ਕਾਲ਼ਖ ਭਰਨ ਦੇ ਕੰਮ ਆਉਂਦਾ ਹੈ

ਤੇ ਕਵੀ,

ਇਸ ਕਾਲ਼ਖ ਨਾਲ਼
ਸਫਿਆਂ ਤੇ
ਫੁੱਲ ਪੱਤੀਆਂ ਬਣਾਉਂਦਾ ਹੈ

-ਸੰਗਤਾਰ

8
Nov

ਕੱਚੇ ਘੜੇ

sohni_mahiwal

ਸਾਡੀ ਕੱਚੀ ਜਿਹੀ ਉਮਰ, ਸਾਡੇ ਕੱਚੇ ਕੱਚੇ ਬੋਲ
ਬਿਨਾਂ ਅੱਥਰੀ ਜਵਾਨੀ, ਕੁਝ ਨਹੀਂਓਂ ਸਾਡੇ ਕੋਲ

ਬਿਨਾਂ ਝਿਜਕ ਝਨਾਂ ਦੇ ਕੰਢੇ ਤੁਰ ਜਾਵਾਂਗੇ
ਕਿਸੇ ਸੋਹਣੀ ਨੂੰ ਡੁਬੋ ਕੇ ਆਪ ਖੁਰ ਜਾਵਾਂਗੇ

-ਸੰਗਤਾਰ

Free WordPress Themes
WordPress Themes