ਨਵਾਂ ਸਾਲ
ਨਵੇਂ ਸਾਲ ਦੀ ਨਵੀਂ ਦਹਿਲੀਜ਼ ਉਤੇ,
ਦੀਵੇ ਬਾਲ਼ ਕੇ ਮੰਗੀਏ ਖ਼ੈਰ ਯਾਰੋ।
ਵਸੇ ਸ਼ਾਂਤੀ ਜੱਗ ਤੇ ਮਿਹਰ ਹੋਵੇ,
ਮੁੱਕੇ ਈਰਖਾ ਹਿਰਖ਼ ਤੇ ਵੈਰ ਯਾਰੋ।
ਮੋਤੀ ਪਿਆਰ ਦੇ ਹੋਣ ਸੰਗਤਾਰ ਹੰਝੂ,
ਫੁੱਲ ਬਣੇ ਮੁਸਕਾਨ ਹਰ ਮੁੱਖ ਉਤੇ,
ਵਗੇ ਜੱਗ ਤੇ ਪਿਆਰ ਦੀ ਹਵਾ ਠੰਡੀ,
ਪਿੰਡ ਪਿੰਡ ਯਾਰੋ, ਸ਼ਹਿਰ ਸ਼ਹਿਰ ਯਾਰੋ।
-ਸੰਗਤਾਰ
ਤਸਵੀਰ
ਜੋਰਾਵਰ ਫਤਿਹ ਦੀ ਅੱਖ ਮੁਸਕਾ ਰਹੀ ਹੈ
ਮਾਂ ਗੁਜਰੀ ਇੱਕ ਪਾਸੇ ਰੱਬ ਧਿਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ
ਆਪਾਂ ਜੱਗ ਨੂੰ ਕਹਿੰਦੇ ਹਾਂ ਇਹ ਸਾਡੇ ਪੁਰਖੇ
ਕੀਤੇ ਪੱਧਰੇ ਰਾਹ ਜਿਹਨਾਂ ਸੂਲ਼ਾਂ ’ਤੇ ਤੁਰਕੇ
ਮਾਣ ਅਸਾਨੂੰ ਆਪਣੀ ਏਸ ਵਿਰਾਸਤ ਉੱਤੇ
ਇਨ੍ਹਾਂ ਕਰਕੇ ਤੁਰਦੇ ਹਾਂ ਸਿਰ ਕਰਕੇ ਉੱਚੇ
ਅੱਜ ਪਤਾ ਨ੍ਹੀਂ ਕਿਉਂ ਸ਼ਰਮ ਜਿਹੀ ਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ
ਅੱਜ ਵਰਗਾ ਉਹ ਦਿਨ ਵੀ ਇੰਞ ਹੀ ਚੜ੍ਹਿਆ ਹੋਣਾ
ਤ੍ਰੇਲ ਨੇ ਹੰਝੂਆਂ ਵਾਂਗ ਫੁੱਲਾਂ ਨੂੰ ਫੜਿਆ ਹੋਣਾ
ਜਿਉਂ ਜਿਉਂ ਕਦਮ ਜੁਆਕਾਂ ਕੰਧ ਵੱਲ ਪੁੱਟੇ ਹੋਣੇ
ਧੂੜ ਦੇ ਛੋਟੇ ਛੋਟੇ ਬੱਦਲ਼ ਉੱਠੇ ਹੋਣੇ
ਗਰਦ ਉਹ ਮੇਰੇ ਗਲ਼ ਨੂੰ ਚੜ੍ਹਦੀ ਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ
ਇੱਟਾਂ ਠੰਡੀਆਂ ਠੰਡੀਆਂ ਨਾਲ਼ੇ ਗਾਰਾ ਠੰਡਾ
ਤਨ ਕਰ ਦਿੱਤਾ ਹੋਣਾ ਚਿਣਗਾਂ ਸਾਰਾ ਠੰਡਾ
ਗੋਡੇ ਗੋਡੇ ਉੱਸਰੀ ਕੰਧ ’ਚ ਲੱਤਾਂ ਜੜੀਆਂ
ਸ਼ਾਇਦ ਵੇਖੀਆਂ ਹੋਣ ਹਿਲਾ ਰਦਿਆਂ ਨੇ ਫੜੀਆਂ
ਭਾਰ ਚੀਜ਼ ਕੋਈ ਤਨ ਮੇਰੇ ਤੇ ਪਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ
ਘੁੱਟ ਘੁੱਟ ਕੇ ਇੱਟਾਂ ਜਦ ਛਾਤੀ ਤੀਕਰ ਆਈਆਂ
ਜਿਸਮ ਹਿਲਾ ਲਾਚਾਰ ਵੇਖਿਆ ਹੋਊ ਭਾਈਆਂ
ਛਾਤੀ ਦੇ ਵਿੱਚ ਘੁੱਟੀ ਹਵਾ ਜੋ ਤੰਗ ਹੋਏਗੀ
ਗਿੱਲੀਆਂ ਇੱਟਾਂ ਦੀ ਉਹਦੇ ਵਿੱਚ ਗੰਧ ਹੋਏਗੀ
ਗੰਧ ਉਹ ਮੇਰੇ ਸਿਰ ਨੂੰ ਕਿਉਂ ਘੁਮਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ
ਘੁੱਟਿਆ ਸਾਹ ਬੇਹੋਸ਼ ਗੁਰੂ ਦੇ ਲਾਲ ਹੋ ਗਏ
ਹੁਣ ਤੱਕ ਸੰਭਲ਼ੇ ਕਾਤਲ ਵੀ ਬੇਹਾਲ ਹੋ ਗਏ
ਦੋ ਮਾਸੂਮ ਦਿਲਾਂ ਦੀ ਧੜਕਣ ਬੰਦ ਹੋ ਗਈ
ਰਾਜ ਬਣੇ ਹਤਿਆਰੇ ਕਾਤਿਲ ਕੰਧ ਹੋ ਗਈ
ਕਿਉਂ ਹੋਏ? ਇਹ ਗੱਲ ਮਨ ਨੂੰ ਉਲ਼ਝਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ
ਵਿੱਚ ਸਰਹੰਦ ਦੇ ਦੋ ਬੱਚਿਆਂ ਦੀਆਂ ਪਈਆਂ ਲ਼ਾਸ਼ਾਂ
ਕੁਝ ਦੂਰੀ ਤੇ ਮਾਂ ਗੁਜਰੀ ਦੀਆਂ ਢਈਆਂ ਆਸਾਂ
ਸਾਰੇ ਜਗਤ ਖੜੋ ਕੇ ਇੱਕ ਦੋ ਹੰਝੂ ਕੇਰੇ
ਫਿਰ ਆਪਣੇ ਕੰਮ ਤੁਰ ਪਏ ਭੁੱਲ ਕੇ ਨੀਲੇ ਚਿਹਰੇ
‘ਕੁੱਝ ਨੀਂ੍ਹ ਏਥੇ’ ਮਾਂ ਪੁੱਤ ਨੂੰ ਸਮਝਾ ਰਹੀ ਏ
ਕੰਧ ਉਸਰਦੀ ਜਾ ਰਹੀ ਹੈ
ਰੱਬ ਦੀ ਰਜ਼ਾ ’ਚ ਹਿੰਦੂ ਮੁਸਲਮਾਨ ਤੇ ਸਿੱਖ ਨੇ
ਜੇ ਉਸਦੀ ਅੱਖ ਦੇ ਵਿੱਚ ਸਾਰੇ ਬੰਦੇ ਇੱਕ ਨੇ
ਕਿਉਂ ਇਤਹਾਸ ਸਾਰੇ ਦਾ ਫਿਰ ਹਰ ਲਾਲ ਸਫ਼ਾ ਏ
ਕਿਉਂ ਫਿਰ ਹਰ ਇੱਕ ਕੌਮ ਦੂਜੀ ਦੇ ਨਾਲ਼ ਖ਼ਫ਼ਾ ਏ
ਭੁੱਲ ਕੇ ਰਾਹ ਦੁਨੀਆਂ ਕਿਉਂ ਗੋਤੇ ਖਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ।
-ਸੰਗਤਾਰ
ਉਲ਼ਝਿਆ ਫਿਰਾਂ
ਉਲ਼ਝਿਆ ਫਿਰਾਂ ਖੌਰੇ ਸੁਲ਼ਝਿਆ ਫਿਰਾਂ
ਪਾਣੀ ਹੋ ਕੇ ਪਾਣੀ ਨੂੰ ਹੀ ਤਰਸਿਆ ਫਿਰਾਂ
ਉਡਾਨ ‘ਚ ਫਿਰਾਂ ਜਾਂ ਧਿਆਨ ‘ਚ ਫਿਰਾਂ
ਬਿਖਰੀਆਂ ਸੋਚਾਂ ‘ਚ ਸਮੇਟਿਆ ਫਿਰਾਂ
ਵਿਰਾਗ ‘ਚ ਫਿਰਾਂ ਵਿਸਮਾਦ ‘ਚ ਫਿਰਾਂ
ਹੋਂਦ ਅਣਹੋਂਦ ਵਿੱਚ ਲਟਕਿਆ ਫਿਰਾਂ
-ਸੰਗਤਾਰ
ਜ਼ਿੰਦਗੀ ਦੇ ਮਾਅਨੇ
ਵੇਦਾਂ ਉਪਨਿਸ਼ਦਾਂ ਨੂੰ ਫੋਲ ਫੋਲ ਵੇਖਨੈਂ
ਮੰਦਰਾਂ ਦੇ ਬੰਦ ਬੂਹੇ ਖੋਲ ਖੋਲ ਵੇਖਨੈਂ
ਮਨ ਵਾਲ਼ੇ ਟੱਲ ਸੌਖੇ ਨਹੀਂਓਂ ਵੱਜਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ
ਦੁਨੀਆਂ ‘ਚੋਂ ਖੱਟੇ ਹੋਏ ਵਰਾਂ ਤੇ ਸਰਾਪਾਂ ਨੂੰ
ਤੋਲ ਤੋਲ ਵੇਖਦਾ ਏਂ ਪੁੰਨਾਂ ਅਤੇ ਪਾਪਾਂ ਨੂੰ
ਕਿਹਨੇ ‘ਸ੍ਹਾਬ ਰੱਖਣੇ ਤੇ ਕਿਹਨੇ ਕੱਢਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ
ਪੂਜਾ ਪਾਠ ਦਾਨ ਤੇ ਚੜ੍ਹਾਵਿਆਂ ਨੇ ਮਾਰਿਆ
ਨਿੱਤ ਅਰਦਾਸਾਂ ਮੱਥੇ ਟੇਕ ਟੇਕ ਹਾਰਿਆ
ਚੰਗੇ ਪਲ ਵਿਹਲੇ ਕੰਮੀਂ ਜਾ ਲੱਗਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ
ਸੁਪਨਿਆਂ ਖਿਆਲਾਂ ਦੇ ਸੌ ਕਰੇਂ ਅਨੁਵਾਦ ਤੂੰ
ਕਰਮਾਂ ਦੇ ਟੇਵਿਆਂ ‘ਚੋਂ ਲੱਭਦੈਂ ਹਿਸਾਬ ਤੂੰ
ਪਤਾ ਨਹੀਂ ਤੂਫਾਨ ਵਰ੍ਹਨੇ ਕਿ ਗੱਜਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ
ਸਿਫ਼ਰ ਦਾ ਲਾਟੂ ਕਦੇ ਬੁਝੇ ਕਦੇ ਜਗਦਾ
ਬੁਝਿਆ ਨਾ ਦਿਸੇ ਪਤਾ ਜਗੇ ਦਾ ਨਾ ਲੱਗਦਾ
ਰੌਸ਼ਨੀ ਦੇ ਨਾਂ ਤੇ ਇਹਨੇ ਯੁੱਗ ਠੱਗਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ
-ਸੰਗਤਾਰ
ਮਹਿਕੀਆਂ ਹਵਾਵਾਂ

ਮਹਿਕੀਆਂ ਹਵਾਵਾਂ ਦੇ ਸੌ ਯਾਰ ਹੁੰਦੇ ਨੇ
ਰੁੱਸਦੇ ਨੇ ਫੁੱਲ ਤਾਂ ਖ਼ੁਆਰ ਹੁੰਦੇ ਨੇ
ਫੁੱਲਾਂ ਕੋਲ਼ੋਂ ਸਾਂਭੀ ਨਹੀਂਓਂ ਜਾਂਦੀ ਮਹਿਕਾਰ
ਹਵਾ ਕੋਲ਼ ਐਸੇ ਹਥਿਆਰ ਹੁੰਦੇ ਨੇ
ਚੂਸ ਜਿੰਦਗਾਨੀ ਮਜਬੂਰੀਆਂ ਦੇ ਵਿੱਚੋਂ
ਡਾਢਿਆਂ ਦੇ ਚਿਹਰੇ ਤੇ ਨਿਖਾਰ ਹੁੰਦੇ ਨੇ
ਰੋਜ਼ ਹੀ ਸ਼ਿਕਾਰੀ ਤੁਰੇ ਮੌਤ ਜੇਬ ਪਾਕੇ
ਰੋਜ਼ ਹੀ ਅਚਿੰਤੇ ਕਈ ਸ਼ਿਕਾਰ ਹੁੰਦੇ ਨੇ
ਮਰਨਾ ਤਾ ਪੈਣਾ ਕਿਉਂ ਮਰੀਏ ਬੇਮਹਿਕੇ
ਰੋਜ਼ ਫੁੱਲਾਂ ਵਿੱਚ ਇਹ ਵਿਚਾਰ ਹੁੰਦੇ ਨੇ
-ਸੰਗਤਾਰ
ਕੀ ਅੱਖ ਵੇਖਦੀ

ਨਦੀ ਵਿੱਚ ਪਾਣੀ
ਪਾਣੀ ਵਿੱਚ ਚੰਨ
ਚੰਨ ਉੱਤੇ ਰੌਸ਼ਨੀ
ਰੌਸ਼ਨੀ ਵਿੱਚ ਸੂਰਜ
ਸੂਰਜ ਨੂੰ ਨਦੀ ਵਿੱਚੋਂ ਅੱਖ ਵੇਖਦੀ
ਅੱਖ ਤੋਂ ਬਿਨਾਂ
ਕੀ ਅੱਖ ਵੱਖ ਵੇਖਦੀ?
-ਸੰਗਤਾਰ







