ਬੁਝਦੇ ਜਗਦੇ ਰੋਂਦੇ ਹੱਸਦੇ

ਬੁਝਦੇ ਜਗਦੇ ਰੋਂਦੇ ਹੱਸਦੇ ਫੱਬਦੇ ਫਿਰਦੇ ਹਾਂ
ਦੁਨੀਆਂ ਵਿੱਚ ਗੁਆਚੇ ਬੰਦੇ ਰੱਬ ਦੇ ਫਿਰਦੇ ਹਾਂ
ਨਾ ਪੁਨੂੰ ਨਾ ਖ਼ਾਬ ਪੁਨੂੰ ਦਾ ਹੋਤਾਂ ਲੁੱਟਿਆ ਨਾ
ਖੌਰੇ ਥਲ ਵਿੱਚ ਕਾਹਤੋਂ ਪੈੜਾਂ ਦੱਬਦੇ ਫਿਰਦੇ ਹਾਂ
ਘਰ ਦੇ ਦੀਵੇ ਬੁਝ ਗਏ ਅੱਖ ਅਸਮਾਨੀ ਤਾਰੇ ’ਤੇ
ਤਨ ਨੂੰ ਨੰਗਾ ਕਰਕੇ ਮਨ ਨੂੰ ਕੱਜਦੇ ਫਿਰਦੇ ਹਾਂ
ਮਹਿਕਾਂ ਪਿੱਛੇ ਭੱਜਦਾ ਕੋਈ ਫੁੱਲ ਤਾਂ ਤੱਕਿਆ ਨਾ
ਮਹਿਕਾਂ ਹੋ ਫੁੱਲ ਪਿੱਛੇ ਪਿੱਛੇ ਭੱਜਦੇ ਫਿਰਦੇ ਹਾਂ
ਅੱਜ ਨੂੰ ਕਾਲ਼ਾ ਕਰਕੇ ਭਰਦੇ ਰੰਗ ਭਲ਼ਕ ਵਿੱਚ ਹਾਂ
ਕਾਲ਼ੇ ਦਿਨ ਵਿੱਚ ਕੰਧੀਂ ਕੌਲ਼ੀਂ ਵੱਜਦੇ ਫਿਰਦੇ ਹਾਂ
ਦਿਲ ਨੇ ਚੰਦ ਗੁਫ਼ਾ ਦੇ ਅੰਦਰ ਸਾਂਭ ਜੋ ਰੱਖੀਆਂ ਨੇ
ਉਹ ਚੀਜ਼ਾਂ ਵੀ ਦੁਨੀਆਂ ਵਿੱਚੋਂ ਲੱਭਦੇ ਫਿਰਦੇ ਹਾਂ।
-ਸੰਗਤਾਰ
ਅੱਖੋਂ ਦੂਰ ਹੋਣ ਜਿਹੜੇ

ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਪਤਾ ਨਹੀਂ ਕੀ ਬੀਤੇ ਉਨ੍ਹਾਂ ਉੱਤੇ
ਪਤਾ ਨਹੀਂ ਉਹ ਰਾਤਾਂ ਕਿੰਞ ਜਾਗ ਜਾਗ ਕੱਟਦੇ ਨੇ
ਘੁੰਮਦੇ ਨੇ ਦਿਨੇਂ ਸੁੱਤੇ ਸੁੱਤੇ
ਪਤਾ ਨਹੀਂ ਉਹ ਕਿਹੜਿਆਂ ਸਿਆਲਾਂ ਬਾਰੇ ਸੋਚਦੇ ਨੇ
ਖੇੜਿਆਂ ਨੇ ਜਿਹੜੇ ਬਾਗੋਂ ਪੁੱਟੇ
ਪਤਾ ਨਹੀਂ ਉਹ ਰੋਜ਼ ਕਿਹੜੇ ਜੋਗੀ ਨੂੰ ਉਡੀਕਦੇ ਨੇ
ਆਉਂਦੇ ਨੇ ਖਿਆਲ ਪੁੱਠੇ ਪੁੱਠੇ
ਪਤਾ ਨਹੀਂ ਉਹ ਕੱਟ ਕੇ ਬਣਾਉਣਾ ਫੰਧਾ ਲੋਚਦੇ ਨੇ
ਪੀਂਘ ਨੂੰ ਤ੍ਰਿੰਜਣਾ ਦੀ ਰੁੱਤੇ
ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਪਤਾ ਨਹੀਂ ਉਹ ਰੋਂਦੇ ਕਿੰਨੀ ਵਾਰੀ
ਕਿੰਨੀ ਵਾਰੀ ਸੂਲ਼ਾਂ ਵਾਂਗੂੰ ਚੁੱਭਦੇ ਕਲੀਰੇ ਬਾਹੀਂ
ਤੋੜ ਤੋੜ ਖਾਵੇ ਫੁਲਕਾਰੀ
ਕਿੰਨੀ ਵਾਰ ਯਾਦ ਲੱਗੇ ਕਰਦੀ ਦੋਫਾੜ ਦਿਲ
ਕਿੰਨੀ ਵਾਰੀ ਫਿਰੇ ਸੀਨੇ ਆਰੀ
ਕਿੰਨੀ ਵਾਰੀ ਜੋਕਾਂ ਵਾਂਗੂੰ ਇੱਕ ਇੱਕ ਵਾਲ਼ ਲੱਗੇ
ਪੀਵੀ ਜਾਂਦਾ ਰੱਤ ਸਿਰੋਂ ਸਾਰੀ
ਕਿੰਨੀ ਵਾਰ ਆਉਂਦੇ ਆਉਂਦੇ ਰੁਕ ਜਾਣ ਸੱਜਣਾ ਦੇ
ਸੁਪਨੇ ਵੀ ਹੋਣ ਇਨਕਾਰੀ
ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਉਨ੍ਹਾਂ ਕਿਹੜਾ ਕੋਈ ਖ਼ਤ ਪਾਇਆ
ਉਨ੍ਹਾਂ ਕਿਹੜਾ ਦੱਸਿਆ ਕਿ ਖਿੜੇ ਭਰੇ ਬਾਗ ਵਿੱਚ
ਇੱਕੋ ਫੁੱਲ ਦਿਸੇ ਕੁਮਲ਼ਾਇਆ
ਪਤਾ ਨਹੀਂ ਸਵੇਰ ਕਿੰਜ ਚੜ੍ਹੇ ਕਿੰਜ ਸ਼ਾਮ ਪਵੇ
ਕਿਹੜੀ ਮਜਬੂਰੀ ਜਾਲ਼ ਪਾਇਆ
ਐਵੇਂ ਤਾਂ ਨਹੀਂ ਸਾਂਝ ਡੂੰਘੀ ਵਾਲ਼ਿਆਂ ਨੂੰ ਭੁੱਲ ਹੁੰਦਾ
ਐਵੇਂ ਨਹੀਂਓਂ ਜਾਂਦਾ ਦਿਲੋਂ ਲਾਹਿਆ
ਸ਼ਾਇਦ ਕਿ ਝੂਠੇ ਮੂਠੇ ਅੱਖਰ ਦੋ ਲਿਖਣੇ ਨੂੰ
ਤੁਪਕਾ ਵੀ ਖੂੰਨ ਨਾ ਥਿਆਇਆ
ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਉਹੀ ਜਾਣੇ ਜਿਹਦੇ ਨਾਲ਼ ਬੀਤੇ
ਘੋਲ਼ ਘੋਲ਼ ਕੱਚ ਟੁੱਟੇ ਦਿਲਾਂ ਦੇ ਪਾ ਲੂਣ ਹੰਝੂ
ਘੁੱਟ ਘੁੱਟ ਜਾਂਦੇ ਕਿੰਞ ਪੀਤੇ
ਧਾਗੇ ਪਾ ਕਬੀਲਦਾਰੀ ਵਾਲ਼ੇ ਸੂਈਆਂ ਵਿੱਚ ਫੱਟ
ਇਸ਼ਕੇ ਦੇ ਕਿੰਞ ਜਾਂਦੇ ਸੀਤੇ
ਜ਼ਿੰਦਗੀ ਦੇ ਮਾਰੂਥਲਾਂ ਵਿੱਚ ਬਹਿ ਕੇ ਹੰਝੂਆਂ ਦੇ
ਕਿੰਨੇ ਮੋਤੀ ਦਾਨ ਉਨ੍ਹਾਂ ਕੀਤੇ
ਫੇਰ ਵੀ ਨਾ ਸੁਣੀ ਰੱਬ ਫਟ ਚੱਲੇ ਦਰਦਾਂ ਦੇ
ਸੋਕਿਆਂ ਨੇ ਸਾੜਤੇ ਪਲੀਤੇ
ਅੱਖੋਂ ਦੂਰ ਹੋਣ ਜਿਹੜੇ
ਲੱਗਦਾ ਉਹ ਸੁਖੀ ਪਰ
ਉਹੀ ਜਾਣੇ ਜਿਹਦੇ ਨਾਲ਼ ਬੀਤੇ।
-ਸੰਗਤਾਰ
ਕੋਈ ਨੇੜੇ ਦਾ ਕੋਈ ਦੂਰ ਦਾ ਏ
ਬੰਦੇ ਸਾਰੇ ਬੰਦੇ ਨੇ,
ਪਰ ਵਿੱਚ ਸਰਹੱਦੀ ਕੰਧ ਤਾਂ ਹੈ,
ਕੋਈ ਨੇੜੇ ਦਾ ਕੋਈ ਦੂਰ ਦਾ ਏ
ਬੰਦੇ ਦੇ ਨਾਲ਼ ਬੰਦੇ ਦਾ
ਪਰ ਫਿਰ ਵੀ ਕੋਈ ਸਬੰਧ ਤਾਂ ਹੈ,
ਕੋਈ ਨੇੜੇ ਦਾ ਕੋਈ ਦੂਰ ਦਾ ਏ
-ਸੰਗਤਾਰ
ਬਣ ਬਣ ਕੇ

ਤੇਰੇ ਰੰਗ ਵਿੱਚ ਸਦਾ ਰੰਗੇ ਬਣ ਬਣ ਕੇ
ਸਾਥੋਂ ਰਿਹਾ ਨਹੀਂਓਂ ਜਾਂਦਾ ਚੰਗੇ ਬਣ ਬਣ ਕੇ
ਉਹ ਐਵੇਂ ਨਹੀਂ ਕਹਾਉਂਦੇ ਖੁਸ਼ਬੂਆਂ ਦੇ ਵਿਓਪਾਰੀ
ਚੁੱਭੇ ਫੁੱਲਾਂ ਵਿੱਚ ਕਦੇ ਕੰਡੇ ਬਣ ਬਣ ਕੇ
ਸਾਡੀ ਜ਼ਿੰਦਗੀ ਦੀ ਜਿਨ੍ਹਾਂ ਸਾਰੀ ਚੂਸ ਲਈ ਰੰਗੀਨੀ
ਅੱਜ ਉਹ ਸਾਡੇ ਕੋਲ਼ੋਂ ਲ਼ੰਘੇ ਬਣ ਬਣ ਕੇ
ਜਦੋਂ ਲੱਗਦੀ ਪਿਆਸ ਲੋਹਾ ਲਾਖਾ ਜਿਹਾ ਹੋ ਕੇ
ਪੀਂਦਾ ਰੱਤ ਤ੍ਰਿਸ਼ੂਲ ਖੰਡੇ ਬਣ ਬਣ ਕੇ
ਅੱਜ ਵੇਖੀ ਨਹੀਂਓਂ ਜਾਂਦੀ ਉਹਨਾਂ ਸ਼ਾਹਾਂ ਦੀ ਮਜਾਜ
ਜਿਨ੍ਹਾਂ ਰੇਸ਼ਮ ਬਣਾਏ ਨੰਗੇ ਬਣ ਬਣ ਕੇ
-ਸੰਗਤਾਰ




