Skip to content

Archive for March, 2010

31
Mar

ਡਾ. ਜਗਤਾਰ ਨਹੀਂ ਰਹੇ

ਪੰਜਾਬੀ ਸਾਹਿਤ ਨੂੰ ਮੋਹ ਕਰਨ ਵਾਲਿਆਂ ਲਈ ਬੜੇ ਦੁੱਖ ਵਾਲੀ ਖਬਰ ਹੈ ਕਿ ਪੰਜਾਬੀ ਸ਼ਾਇਰ, ਸਾਹਿਤਕਾਰ, ਅਲੋਚਕ ਅਤੇ ਖੋਜੀ ਡਾ. ਜਗਤਾਰ ਕੱਲ ਦਮੇ ਤੇ ਸ਼ੂਗਰ ਦੀ ਬਿਮਾਰੀ ਨਾਲ਼ ਜੂਝਦੇ ਹੋਏ ਦਮ ਤੋੜ ਗਏ। ਮੈਂ ਹਾਲੇ ਇੱਕ ਮਹਿਨਾ ਪਹਿਲਾਂ ਹੀ ਉਹਨਾਂ ਨੂੰ ਮਿਲ਼ ਕੇ ਆਇਆ ਹਾਂ। ਉਹਨਾਂ ਦੇ ਸ਼ੇਅਰ ਅਤੇ ਉਹਨਾਂ ਦਾ ਸੰਗਠਤ ਕੀਤਾ ਹੋਇਆ ਪੰਜਾਬੀ ਸੂਫੀ ਕਾਵਿ ਸਦੀਆਂ ਤੱਕ ਪੰਜਾਬੀਆਂ ਦੇ ਮਨ ਵਿੱਚ ਗੂੰਜਦੇ ਰਹਿਣਗੇ । ਇੱਥੇ  ਉਹਨਾਂ ਦੀ ਇੱਕ ਗ਼ਜ਼ਲ ਦੇ ਕੁੱਝ ਸ਼ੇਅਰ ਦਰਜ ਕਰ ਰਿਹਾਂ ਹਾਂ:

ਮੈਂ ਕਿਤੇ ਰੁਕਣਾ ਨਹੀਂ, ਛਾਵਾਂ ਸਰਾਵਾਂ ਵਿੱਚ ਕਦੇ
ਹਮਸਫਰ ਰਸਤੇ ‘ਚ ਕੋਈ ਰਹਿ ਲਵੇ ਤਾਂ ਰਹਿ ਲਵੇ

ਮੈਂ ਕਰਾਂਗਾ ਸਭ ਨਬੇੜੇ ਬੈਠ ਕੇ ਸੂਰਜ ਦੇ ਨਾਲ਼
ਛਾਂ ਤੇਰੀ ਦੀਵਾਰ ਦੀ ਕੁੱਝ ਹੋਰ ਥੱਲੇ ਲਹਿ ਲਵੇ

ਮੇਰਾ ਦਿਲ ਦਰਿਆ ਹੈ, ਫੱਲਾਂ ਦੇ ਨਾ ਮੌਸਮ ਤੋਂ ਡਰੇ
ਮੇਰੇ ਘਰ ਅੰਦਰ ਖਿਜ਼ਾਂ ਬੇਖੌਫ ਹੋ ਕੇ ਰਹਿ ਲਵੇ

-ਡਾ. ਜਗਤਾਰ

25
Mar

ਦਰਿਆ

ਦਰਿਆ ਦੇ
ਦਿਲ ਦੇ ਦਰਿਆ ਵਿੱਚ
ਹੜ੍ਹ ਹੈ
ਤੁਫ਼ਾਨ ਹੈ
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ

ਕਦੇ ਕਦਾਈਂ ਦਿਲ ਦਰਿਆ ’ਤੇ
ਕੜਕਦੀਆਂ ਬਿਜਲੀਆਂ ’ਚੋਂ
ਕੋਈ ਤਰੰਗ ਬਾਹਰ ਆਉਂਦੀ ਹੈ
ਸ਼ਾਂਤ ਵਗਦੇ ਪਾਣੀ ਵਿੱਚ
ਕੋਈ ਮਛਲੀ ਛਟਪਟਾਉਂਦੀ ਹੈ

ਕਦੇ ਕਦਾਈਂ ਦਿਲ ਦਰਿਆ ’ਤੇ
ਵਗਦੀਆਂ ਤੇਜ਼ ਹਵਾਵਾਂ ’ਚੋਂ
ਕੋਈ ਬੁੱਲਾ ਬਾਹਰ ਆਉਂਦਾ ਹੈ
ਦਰਿਆ ਛਟਪਟਾਉਂਦਾ ਹੈ

ਦਰਿਆ ਦੇ
ਦਿਲ ਦੇ ਦਰਿਆ ਵਿੱਚ
ਹੜ੍ਹ ਹੈ
ਤੁਫ਼ਾਨ ਹੈ
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ।

-ਸੰਗਤਾਰ

23
Mar

ਭਗਤ ਸਿੰਘ ਦੀ ਕੁਰਬਾਨੀ

ਭਗਤ ਸਿੰਘ ਦੀ ਜਦੋਂ ਤਸਵੀਰ ਵੇਖੀ
ਵਿੱਚ ਦਿਲ ਦੇ ਕਈ ਖਿਆਲ ਆਏ।
ਰੰਗ ਬਦਲਿਆਂ ਦਿਲ ਨਾ ਜਾਣ ਬਦਲੇ
ਲੀਡਰ ਖੇਡਦੇ ਸਦਾ ਹੀ ਚਾਲ ਆਏ।
ਜਾਨ ਦੇ ਕੇ ਭਰ ਜਵਾਨ ਉਮਰੇ
ਉਹਨੇ ਖਾਬ ਅਜ਼ਾਦੀ ਦਾ ਵੇਖਿਆ ਸੀ
ਉਹਦੇ ਦਿਲ ਦੀ ਆਸ ਨਾ ਹੋਈ ਪੂਰੀ
ਸਾਲ ਮਗਰੋਂ ਬੀਤਦੇ ਸਾਲ ਆਏ।

-ਸੰਗਤਾਰ

18
Mar

ਜਿਹਨੇ ਖੇਡ ਕੇ

ਜਿਹਨੇ ਖੇਡ ਕੇ ਗਲ਼ੀ ਵਿੱਚ ਵੇਖਿਆ ਨਾ
ਜਿਹਦੇ ਤਨ ਨੂੰ ਮਿੱਟੀ ਨਾ ਕਦੇ ਲੱਗੀ
ਹੱਥ ਫੜੀ ਨਾ ਕਦੇ ਗੁਲੇਲ ਹੋਵੇ
ਰੇੜ੍ਹੀ ਹੋਵੇ ਨਾ ਮਿੱਟੀ ਦੀ ਬਣੀ ਗੱਡੀ
ਰਗੜੀ ਅੰਬ ਦੀ ਕਦੇ ਨਾ ਗੁਠੀ ਹੋਵੇ
ਨੜਾ ਚੀਰ ਨਾ ਬੀਨ ਬਣਾ ਛੱਡੀ
ਮੁੰਜ ਬਗੜ ਸਰੁਹਾੜ ਕੀ ਖੜ ਕਾਹੀ
ਤੂੜੀ ਤੂੜ ਕੇ ਵੇਖੀ ਨਾ ਹੋਏ ਲੱਦੀ

ਠੋਹਲੇ ਅਤੇ ਭੜੋਲੇ ਨੇ ਕੀ ਹੁੰਦੇ
ਚਾਟੀ ਚੱਪਣੀ ਗਾਗਰ ਤੇ ਘੜਾ ਕੀ ਏ
ਭਾਬੀ ਸੱਸ ਤੇ ਨਣਦ ਦੀ ਕੀ ਟੱਕਰ
ਅਜੇ ਕੌਣ ਕੁਆਰਾ ਤੇ ਛੜਾ ਕੀ ਏ
ਸੱਥ ਕੀ ਤੇ ਕੀ ਪੰਚਾਇਤ ਹੁੰਦੀ
ਬੁੱਢਾ ਪਿੱਪਲ਼ ਤੇ ਪਿੰਡ ਦਾ ਥੜ੍ਹਾ ਕੀ ਏ
ਏਕੜ ਖੇਤ ਘੁਮਾ ਤੇ ਕੀ ਪੈਲ਼ੀ
ਮਰਲਾ ਕਰਮ ਕਨਾਲ਼ ‘ਚੋਂ ਬੜਾ ਕੀ ਏ

ਅਰਲ਼ੀ ਹਲ਼ਸ ਪੰਜਾਲ਼ੀ ਤੇ ਜੁੰਗਲ਼ੇ ਨੂੰ
ਭੁੱਲ਼ੀ ਜਾਂਦੇ ਨੇ ਲੋਕ ਬੇਲੋੜ ਕਹਿ ਕੇ
ਦੇਸੀ ਆਖਦੇ ਨੇ ਅਸਲੀ ਚੀਜ਼ ਤਾਂਈਂ
ਬਦਲੀ ਜਾਂਦੇ ਨੇ ਵਕਤ ਦਾ ਮੋੜ ਕਹਿ ਕੇ
ਉਂਞ ਠੀਕ ਵੀ ਵਕਤ ਦੇ ਨਾਲ਼ ਤੁਰਨਾ
ਪਰ ਭੁੱਲ ਨਾ ਜਾਇਓ ਜ਼ੁਬਾਨ ਆਪਣੀ
ਨਹੀਂ ਤਾਂ ਮਾਰੇਗੀ ਸ਼ਰਮ ਜਦ ਬੱਚਿਆਂ ਨੇ
ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ

-ਸੰਗਤਾਰ

14
Mar

ਦਫ਼ਾ ਹੋ!

ਇੰਞ ਨਾ ਖ਼ਫ਼ਾ ਹੋ!
ਜਾਂ ਫਿਰ ਦਫ਼ਾ ਹੋ!

ਨਾਸੂਰ ਬਣ ਜਾ
ਅਹਿਲੇ-ਜ਼ਫ਼ਾ ਹੋ!

ਕੁਝ ਤੇ ਅਸਰ ਕਰ
ਘਟ ਜਾਂ ਨਫ਼ਾ ਹੋ!

ਜਾਂ ਮਜਨੂੰ ਬਣ ਜਾ
ਜਾਂ ਬੇ-ਵਫ਼ਾ ਹੋ!

ਕਾਲ਼ਖ ‘ਚ ਡੁੱਬਿਆ
ਚਿੱਟਾ ਸਫ਼ਾ ਹੋ!

-ਸੰਗਤਾਰ

5
Mar

ਮੌਜ ਮੇਲਾ ਮਸਤੀਆਂ

ਉੱਤੋਂ ਉੱਤੋਂ ਮੌਜ ਮੇਲਾ ਮਸਤੀਆਂ
ਸੀਨੇ ਅੰਦਰ ਤਲਖ਼ੀਆਂ ਹੀ ਤਲਖ਼ੀਆਂ

ਟਾਊਨਾਂ ਇਨਕਲੇਵਾਂ ਵਿੱਚ ਕੋਈ ਹੋਰ ਨੇ
ਸਾਡੇ ਪਿੰਡ ਮੁਹੱਲੇ ਨੱਗਰ ਬਸਤੀਆਂ

ਯਾਰਾਂ ਦਾ ਉਹ ਪੁਲ਼ ਬਣਾ ਕੇ ਤਰ ਗਿਆ
ਸਾਥੋਂ ਗਈਆਂ ਯਾਰੀਆਂ ਨਾ ਵਰਤੀਆਂ

ਖੱਟੀਆਂ ਜੋ ਇਸ਼ਕ ‘ਚੋਂ ਬਦਨਾਮੀਆਂ
ਸ਼ੋਹਰਤਾਂ ਦੀ ਮੰਡੀ ਦੇ ਵਿੱਚ ਖਰਚੀਆਂ

ਸ਼ੁਕਰ ਹੈ ਓਥੇ ਹੀ ਤੂੰ ਤੇ ਵੱਲ ਹੈਂ
ਤੈਨੂੰ ਲਿਖੀਆਂ ਚਿੱਠੀਆਂ ਨਾ ਪਰਤੀਆਂ

ਅਸੀਂ ਤਾਂ ਡਰਦੇ ਰਹੇ ਅਪਮਾਨ ਤੋਂ
ਅਣਜਾਣ ਸਾਂ ਕਿ ਇੱਜ਼ਤਾਂ ਨੇ ਸਸਤੀਆਂ

ਅੱਜ ਦੇ ਸਭ ਚੋਰ ਸਾਧੂ ਭਲ਼ਕ ਦੇ
ਵੇਖਿਓ ਹੁੰਦੀਆਂ ਕਿਵੇਂ ਨੇ ਭਗਤੀਆਂ

ਜਦ ਕਦੇ ਸੀ ਮਿਲ਼ਦਾ ਉਹ ਸੰਗਤਾਰ ਨੂੰ
ਮੰਗਦਾ ਸੀ ਸੌ ਦੀਆਂ ਕੁੱਝ ਪਰਚੀਆਂ

ਉਮਰ ਲਗਦੀ ਸੀ ਉਦੋਂ ਵੱਡਾ ਪਹਾੜ
ਹੁਣ ਚੇਤੇ ਆਉਂਦੀਆਂ ਨੇ ਗ਼ਲਤੀਆਂ

-ਸੰਗਤਾਰ

Free WordPress Themes
WordPress Themes