ਢਾਈਆਂ ਨਦੀਆਂ ਦਾ ਪੰਜਾਬ – ਕਾਵਿ ਸੰਗ੍ਰਿਹ
ਮੈਂ ਪਿਆਰੇ ਦੋਸਤਾਂ ਤੇ ਚਹੇਤਿਆਂ ਲਈ ਆਪਣੇ ਨਵੇਂ ਕਾਵਿ ਸੰਗ੍ਰਿਹ ‘ਢਾਈਆਂ ਨਦੀਆਂ ਦਾ ਪੰਜਾਬ‘ ਦੀਆਂ ਕੁੱਝ ਕਾਪੀਆਂ ਪਲਾਜ਼ਮਾ ਦੇ ਔਨਲਾਈਨ ਸਟੋਰ ‘ਤੇ ਉਪਲਬਧ ਕਰਵਾਈਆਂ ਹਨ। ਮੈਂ ਇਸ ਪੁਸਤਕ ਨੂੰ ਛਪਵਾਉਣ ਲਈ ਉਪਰਾਲਾ ਕਰਨ ਤੇ ਕਰਵਾਉਣ ਲਈ ਦੀਪਕ ਬਾਲੀ ਅਤੇ ਸੁਖਵਿੰਦਰ ਅੰਮ੍ਰਿਤ ਹੁਣਾਂ ਦਾ ਬਹੁਤ ਧੰਨਵਾਦੀ ਹਾਂ। ਸੁਖਵਿੰਦਰ ਅੰਮ੍ਰਿਤ ਹੁਣਾਂ ਨੇ ਇਸ ਪੁਸਤਕ ਦਾ ਮੁੱਖਬੰਧ ਵੀ ਲਿਖਿਆ ਹੈ, ਜਿਸ ਲਈ ਮੈਂ ਉਨ੍ਹਾਂ ਦਾ ਉਚੇਚਾ ਧੰਨਵਾਦੀ ਹਾਂ। ਮੈਂ ਸੁਖਵੰਤ ਆਰਟਿਸਟ ਹੁਣਾਂ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਇਸ ਸੰਗ੍ਰਿਹ ਦਾ ਕਵਰ ਡਿਜ਼ਾਈਨ ਕੀਤਾ।
ਇਸ ਤੋਂ ਇਲਾਵਾ ਲੋਕਗੀਤ ਪ੍ਰਕਾਸ਼ਨ ਦੇ ਸਾਰੇ ਸਟਾਫ ਦਾ ਵੀ ਹਰ ਕਦਮ ‘ਤੇ ਸਾਥ ਦੇਣ ਲਈ ਧੰਨਵਾਦੀ ਹਾਂ। ਮੈਨੂੰ ਆਸ ਹੈ ਕਿ ਇਹ ਪੁਸਤਕ ਮੇਰੀ ਕਵਿਤਾ ਤੇ ਪੰਜਾਬੀ ਸਾਹਿਤ ਦੇ ਪਿਆਰਿਆਂ ਦੀਆਂ ਆਸਾਂ ‘ਤੇ ਖਰੀ ਉਤਰੇਗੀ।
ਧੰਨਵਾਦ।
ਸੰਗਤਾਰ
ਇਹ ਕਿਤਾਬ ਹੇਠ ਲਿਖੇ ਲਿੰਕ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ:
ਉਮਰ ਭਰ…
ਘਰ ਤਾਂ ਕੀ ਇਸ ਸ਼ਹਿਰ ਵੀ, ਆਉਣਾ ਉਹਦਾ ਹੋਇਆ ਹੀ ਨਾ
ਦਰ ਉਡੀਕਾਂ ਵਿੱਚ ਅਸੀਂ ਵੀ ਉਮਰ ਭਰ ਢੋਇਆ ਹੀ ਨਾ
ਸਾਜ਼ ਬਣਕੇ ਵੀ ਉਹ ਵੀਨਾ ਤਰਸਦੀ ਤਰਜ਼ਾਂ ਨੂੰ ਰਹੀ
ਤਨ ਉਹ ਦਾ ਕਾਬਿਲ ਕਿਸੇ ਵਾਦਿਕ ਕਦੇ ਛੋਹਿਆ ਹੀ ਨਾ
ਚਾਹੁੰਦਿਆਂ ਵੀ ਅੱਖੀਆਂ ’ਚੋਂ ਅੱਥਰੂ ਗੁੰਮ ਹੀ ਨੇ ਅੱਜ
ਆਸ ਸੀ ਜਿਸਦੀ ਅਸਰ ਵਿਛੜਨ ਦਾ ਉਹ ਹੋਇਆ ਹੀ ਨਾ
ਕੀ ਨਸ਼ਾ ਸੀ ਇਸ਼ਕ ਦੇ ਦਰਦਾਂ ਦੇ ’ਚ ਦੱਸ ਤਾਂ ਸੋਹਣਿਆਂ
ਹੋ ਜੁਦਾ ਜ਼ਿੰਦਗੀ ਤੋਂ ਚਾਅ ਫਿਰ ਜਿਉਣ ਦਾ ਮੋਇਆ ਹੀ ਨਾ
ਸਰਦ ਸੀ ਬੇਜਾਨ ਸੀ ਪੱਥਰ ਸੀ ਫਿਰ ਵੀ ਦਿਲ ਤਾਂ ਸੀ
ਨਸ਼ਤਰਾਂ ਦੇ ਨਾਲ਼ ਥਾਂ ਇਹ ਬਸ ਕਿਸੇ ਟੋਹਿਆ ਹੀ ਨਾ।
-ਸੰਗਤਾਰ
ਇਸ਼ਕ ਦੀ ਬੂਟੀ
ਜਦ ਰਾਹਾਂ ਵਿੱਚ ਇਸ਼ਕ ਦੀ ਬੂਟੀ ਉੱਗਦੀ ਏ
ਪੈਰ ’ਚ ਲੱਗੀ ਸੂਲ਼ ਦਿਲਾਂ ਵਿੱਚ ਚੁੱਭਦੀ ਏ
ਜਿੰਨਾ ਚਿਰ ਦਿਲ ਵਾਲ਼ਾ ਸ਼ੀਸ਼ਾ ਗੰਧਲ਼ਾ ਏ
ਓਨਾ ਚਿਰ ਦੁਨੀਆਂ ਵਿੱਚ ਚੰਗੀ ਪੁੱਗਦੀ ਏ
ਆਸ ਦਿਲਾਂ ਨੂੰ ਹਾੜੀ ਦੀ ਰੁੱਤ ਸ਼ੁੱਭ ਦੀ ਏ
ਲੋੜ ਕਿਸਾਨਾਂ ਨੂੰ ਦਾਤੀ ਤੇ ਛੁੱਬ ਦੀ ਏ
ਕਾਤਲ ਦੇ ਦਿਲ ਅੰਦਰ ਸੂਰਜ ਮਰਦਾ ਏ
ਜਦ ਕੋਈ ਤਲਵਾਰ ਲਹੂ ਵਿੱਚ ਡੁੱਬਦੀ ਏ
ਸਿਰ ’ਤੇ ਜਦ ਮੰਡਰਾਉਂਦੇ ਬਰਛੇ ਤਲਵਾਰਾਂ
ਭੁੱਲਦੀ ਜਦ ਦੁਨੀਆਂ ਤਦ ਜ਼ਿੰਦਗੀ ਸੁੱਝਦੀ ਏ
ਜਿੰਨੀ ਲੰਮੀ ਪਹੁੰਚ ਏ ਲਫ਼ਜ਼ਾਂ ਵਾਕਾਂ ਦੀ
ਚਿੱਠੀ ਉਸ ਤੋਂ ਡੂੰਘੀ ਥਾਂ ਤਕ ਪੁੱਜਦੀ ਏ
ਤਨ ਤਾਂ ਕਿਸਮਤ ਦੇ ਪਿੰਜਰੇ ਵਿੱਚ ਕੈਦੀ ਏ
ਅਜਕਲ ਉਹ ਖਿਆਲਾਂ ਦੇ ਵਿੱਚ ਹੀ ਉਡਦੀ ਏ।
-ਸੰਗਤਾਰ
ਲਹਿਣੇਦਾਰੋ

ਆਉ ਮੇਰੇ ਲਹਿਣੇਦਾਰੋ ਕਰਜ਼ ਥੋਡਾ ਲਾਹ ਦਿਆਂ
ਵੇਚ ਕੇ ਇਖ਼ਲਾਕ ਹੁਣ ਹੱਥ ਬਹੁਤ ਸੌਖਾ ਹੋ ਗਿਆ
ਦੱਸਣਾ ਥੋਡਾ ਕਿਵੇਂ ਤੇ ਕਿਸ ਜਗ੍ਹਾ ਮਨ ਪਰਚਦਾ
ਦਿਲ ਜ਼ਰਾ ਭਰਿਆ ਜਿਹਾ ਜਿਉਣਾ ਹੀ ਔਖਾ ਹੋ ਗਿਆ
ਹਾਰ ਗਲ਼ ਨੂੰ ਮਿਲ਼ ਗਏ ਤੇ ਹਾਰ ਮਨ ਨੂੰ ਖਾਰ ਦੀ
ਨਕਲੀਆਂ ਦੇ ਹੇਠ ਮੇਰਾ ਅਸਲ ਚਿਹਰਾ ਜਲ਼ ਰਿਹਾ
ਜਿੱਤ ਦੇ ਜਸ਼ਨਾਂ ‘ਚ ਬੈਠਾ ਕਰ ਰਿਹਾਂ ਮਹਿਸੂਸ ਮੈਂ
ਮਨ ਬੜਾ ਏ ਝੂਰਦਾ ਕਿ ਬਹੁਤ ਧੋਖਾ ਹੋ ਗਿਆ
ਚਹੁੰ ਦਿਸ਼ਾਵਾਂ ਤੋਂ ਹੀ ਦੇ ਕੇ ਤੋਰਤੇ ਵੱਖਰੇ ਹੁਕਮ
ਆ ਮਿਲ਼ੇ ਧਰਤੀ ਦੇ ਸੀਨੇ ‘ਤੇ ਜਦੋਂ ਤਾਂ ਭਿੜ ਪਏ
ਆਪ ਪੈਦਾ ਕਰ ਤੇ ਆਪੇ ਮਾਰ ਕੇ ਖ਼ੁਦ ਹੱਸਿਆ
ਕੀ ਕਰੇਗਾ ਆਦਮੀ ਰੱਬ ਹੀ ਅਨੋਖਾ ਹੋ ਗਿਆ
ਰਹਿਮ ਦਾ ਵਿਸ਼ਵਾਸ਼ ਸੀ ਜਿਸਨੂੰ ਪਿਆਰੇ ਬਾਪ ‘ਤੇ
ਓਸ ਦੇ ਵੀ ਪੈਰ ਜਦ ਧਰਤੀ ਤੋਂ ਉੱਚੇ ਹੋ ਗਏ
ਮਰ ਗਿਆ ਭੁੱਖਾ ਪਿਆਸਾ ਅੰਬਰਾਂ ਵਲ ਚੀਕਦਾ
ਕੀ ਇਹ ਰੱਬਾ ਹੋ ਗਿਆ, ਓ ਕੀ ਇਹ ਲੋਕਾ ਹੋ ਗਿਆ।
-ਸੰਗਤਾਰ
ਐਵੇਂ ਦਿਲ ’ਤੇ ਨਾ ਲਾਈਂ

ਜਿਨ੍ਹਾਂ ਉੱਤੇ ਮਾਣ ਹੋਵੇ
ਓਹੀਓ ਮੁੱਖ ਮੋੜਦੇ ਨੇ
ਜਿਨ੍ਹਾਂ ਨਾਲ਼ ਸਾਂਝੇ ਸਾਹ
ਓਹੀਓ ਸਾਂਝ ਤੋੜਦੇ ਨੇ
Read more








