Skip to content

Posts from the ‘Roman’ Category

22
Dec

ਤਾਨਸੈਨ ਦੀ ਕਬਰ ’ਤੇ

Tansen Di Kabar Te

ਤਾਨਸੈਨ ਦੀ ਕਬਰ ’ਤੇ ਉੱਗੀ ਇਮਲੀ ਦੇ ਖਾ ਪੱਤੇ
ਲੇਲਾ ਇੱਕ ਜੁਗਾਲ਼ੀ ਕਰਦਾ ਸੋਚੇ ਰਾਗਾਂ ਬਾਰੇ

ਇਹ ਲੇਲਾ ਕਿ ਔਹ ਲੇਲਾ ਜਾਂ ਬੱਕਰੀ ਚਿੱਟੀ ਕਾਲ਼ੀ
ਭਲ਼ਕੇ ਈਦ ’ਤੇ ਕਿਸ ਦੀ ਵਾਰੀ ਮਾਲਿਕ ਬੈਠ ਵਿਚਾਰੇ

ਅੱਗ ਵਿੱਚ ਸੜ ਕੇ ਕੋਲਾ ਹੋ ਗਈ ਫਿਰ ਵੀ ਸ਼ਕਲ ਸਬੂਤੀ Read moreRead more

29
Jul

ਰੁਸ਼ਨਾਉਣੇ ਪੈਂਦੇ ਨੇ

ਨ੍ਹੇਰੇ ਦੇ ਵਿੱਚ ਸਾਹ ਰੁਸ਼ਨਾਉਣੇ ਪੈਂਦੇ ਨੇ
ਖੁਦ ਜਲ਼ ਜਲ਼ ਕੇ ਰਾਹ ਰੁਸ਼ਨਾਉਣੇ ਪੈਂਦੇ ਨੇ

ਕੋਈ ਤੀਲੀ ਸੀਨੇ ਵਿੱਚ ਜਾ ਸਕਦੀ ਨਾ
ਦਿਲ ਦੇ ਦੀਵੇ ਗਾ ਰੁਸ਼ਨਾਉਣੇ ਪੈਂਦੇ ਨੇ

ਨਹੀਂ ਤਾਂ ਏਥੇ ਸਤਯੁਗ ਹੀ ਆ ਜਾਵੇਗਾ
ਅੱਗ ਵਿੱਚ ਸੁੱਟ ਗਵਾਹ ਰੁਸ਼ਨਾਉਣੇ ਪੈਂਦੇ ਨੇ

ਸੱਚ ਤਾਂ ਰੌਸ਼ਨ ਹੁੰਦਾ ਏ ਬਸ ਸੱਚਿਆਂ ਲਈ
ਝੂਠੇ ਬਿਨ ਮਨਸ਼ਾ ਰੁਸ਼ਨਾਉਣੇ ਪੈਂਦੇ ਨੇ

ਨ੍ਹੇਰੀ ਜ਼ਿੰਦਗੀ ਵਿੱਚ ਤੇਰਾ ਰਾਹ ਵੇਖਣ ਨੂੰ
ਸਾਨੂੰ ਅਪਣੇ ਚਾਅ ਰੁਸ਼ਨਾਉਣੇ ਪੈਂਦੇ ਨੇ

ਚਾਹੁੰਦੇ ਨਹੀਂ ਪਰ ਵਿੱਚ ਵਿੱਚ ਟੁਕੜੇ ਯਾਦਾਂ ਦੇ
ਦਮ ਰੱਖਣ ਲਈ ਤਾਅ ਰੁਸ਼ਨਾਉਣੇ ਪੈਂਦੇ ਨੇ।

-ਸੰਗਤਾਰ

23
Jul

ਵਾਪਿਸੀ

ਇੰਗਲੈਂਡ ਦਾ ਟੂਰ ਪੂਰਾ ਕਰ ਕੇ ਵਾਪਿਸ ਆ ਚੁੱਕਾ ਹਾਂ। ਸਾਰੇ ਹੀ ਪੰਜਾਬੀਆਂ ਵਲੋਂ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ। ਸਾਰੇ ਹੀ ਸ਼ੋਅ ਬਹੁਤ ਹੀ ਵਧੀਆ ਗਏ।

ਇਸ ਅਰਸੇ ਦੇ ਵਿੱਚ ਦੋਵੇਂ ਹੀ ਬਲਾਗਾਂ (ਸੰਗੀਤ ਤੇ ਕਵਿਤਾ) ਅਣਗੌਲੀਆਂ ਰਹਿ ਗਈਆਂ। ਪਿਛਲੇ ਮਹੀਨੇ ਵਿੱਚ ਮੈਂ ਕਈ ਕੁੱਝ ਨਵਾਂ ਲਿਖਿਆ ਹੈ। ਸਿਰਫ ਇੱਕ ਦੋ ਦਿਨ ਵਿੱਚ ਹੀ ਉਹ ਸਭ ਟਾਈਪ ਕਰਕੇ ਨਵੀਆਂ ਕਵਿਤਾਵਾਂ ਤੇ ਗਜ਼ਲਾਂ ਪੋਸਟ ਕਰਾਂਗਾ।

ਧੰਨਵਾਦ

2
May

ਰੁੱਖਾਂ ਨੇ…

ਰੁੱਖਾਂ ਨੇ ਇੱਕ ਬਾਤ ਸੁਣਾਈ ਬੰਦੇ ਨੂੰ
’ਵਾ ਦੀ ਸ਼ੂਕਰ ਸਮਝ ਨਾ ਆਈ ਬੰਦੇ ਨੂੰ

ਕਿੰਨੀ ਵਾਰੀ ਬੰਦੇ ਕੋਲ਼ੋਂ ਪੜ੍ਹ ਪੜ੍ਹ ਕੇ
ਬੰਦਿਆਂ ਸਿੱਖਿਆ ਹੋਰ ਪੜ੍ਹਾਈ ਬੰਦੇ ਨੂੰ

ਕਰ ਕਰ ਖੋਜਾਂ ਅਕਲ ਵਧਾਈ ਜਾਂਦਾ ਏ
ਕੀਤਾ ਅਕਲ ਦੀ ਖੋਜ ਸ਼ੁਦਾਈ ਬੰਦੇ ਨੂੰ

ਪਰਖ ਰਿਹਾ ਸਤ ਪੱਤੇ ਫਲ਼ ਤੇ ਫੁੱਲਾਂ ਦੇ
ਰੁੱਖ ਬਣਾਈ ਜ਼ਹਿਰ ਦੁਆਈ ਬੰਦੇ ਨੂੰ

ਜਾਂ ਲੁੱਟੂ ਜਾਂ ਮਾਰੂ ਜਾਂ ਪਰਸ਼ਾਨ ਕਰੂ
ਕਿੰਨੀ ਮੁਸ਼ਕਿਲ ਬੰਦੇ ਪਾਈ ਬੰਦੇ ਨੂੰ

ਭਰਮ ਭੁਲੇਖੇ ਕੱਢਣ ਖਾਤਿਰ ਬੰਦਿਆਂ ਨੇ
ਰੱਬ ਦੇ ਨਾਂ ਦੀ ਰੱਟ ਲਗਵਾਈ ਬੰਦੇ ਨੂੰ।

-ਸੰਗਤਾਰ

19
Apr

ਵਿਸਾਖੀ

ਇੱਕ ਵਾਰ ਵਿਸਾਖੀ ਦੇ ਦਿਨ ਉੱਤੇ,
ਲੱਖਾਂ ਲੋਕ ਅਨੰਦਪੁਰ ਸਾਹਿਬ ਆਏ।
ਪਹਿਲਾਂ ਪੰਜ ਫਿਰ ਕਈ ਹਜ਼ਾਰ ਉੱਠੇ,
ਜਿਹੜੇ ਗੁਰੂ ਪਿਆਰੇ ਕਹਿ ਗਲ਼ ਲਾਏ।
ਅਸਾਂ ਤੁਸਾਂ ਦੇ ਲਈ ਕੁਰਬਾਨ ਹੋਏ,
ਰੱਖਣ ਵਾਸਤੇ ਕੌਮ ਦਾ ਨਾਮ ਜਿਉਂਦਾ,
ਗੱਲਾਂ ਦੱਸਿਆ ਕਰੋ ਇਹ ਬੱਚਿਆਂ ਨੂੰ,
ਸੂਰਜ ਚਮਕਦਾ ਕਿਤੇ ਨਾ ਮਿਟ ਜਾਏ।

-ਸੰਗਤਾਰ

15
Apr

ਫਿਰਦੇ ਨੇ

ਆਪ ਕਟਾ ਕੇ ਵਾਲ਼ ਬਲੀਚ ਕਰਾਉਣ ਨੂੰ ਫਿਰਦੇ ਨੇ
‘ਕਲਚਰ ਬਚ ਜਏ’ ਕੁੜੀ ਦੀ ਜੀਨ ਲਹਾਉਣ ਨੂੰ ਫਿਰਦੇ ਨੇ

ਸ਼ੌਂਕੀ ਸਾਹਿਤ ਦਾ ਤਾਂ ਇੱਥੇ ਲੱਭਿਆਂ ਮਿਲ਼ਦਾ ਨਹੀਂ
ਪਰ ਮੋੜਾਂ ਤੇ ਮੀਲ ਪੱਥਰ ਲਗਵਾਉਣ ਨੂੰ ਫਿਰਦੇ ਨੇ

ਕਈ ਵਾਰੀ ਦਿਲ ਏਨਾ ਦੁਖੇ ਕਿ ਹਾਲਤ ਪੁੱਛੋ ਨਾ
‘ਪੰਜਾਬੀ’ ਜੱਜੇ ਪੈਰ ‘ਚ ਬਿੰਦੀ ਪਾਉਣ ਨੂੰ ਫਿਰਦੇ ਨੇ

ਸਾਂਝੀ ਬੋਲੀ ਸਾਂਝੀ ਧਰਤੀ ਸਾਂਝੇ ਪਾਣੀ ਤੇ
ਧਰਮ ਦੀ ਕੂਚੀ ਲੈ ਕੇ ਲੀਕਾਂ ਵਾਹੁਣ ਨੂੰ ਫਿਰਦੇ ਨੇ

ਸੂਝਵਾਨ ਤਾਂ ਡਰਦੇ ਹੀ ਇਸ ਵੱਡੇ ਟੋਲੇ ਤੋਂ
ਪੇਪਰ ਤੁੰਨ ਝੋਲ਼ੇ ਵਿੱਚ ਜਾਨ ਬਚਾਉਣ ਨੂੰ ਫਿਰਦੇ ਨੇ

ਗੀਤਾਂ, ਗਜ਼ਲਾਂ ਗਲਪ ਬਿਨਾ ਕੀ ਬਚੂ ਪੰਜਾਬੀ ਦਾ
ਪਤਾ ਨਹੀਂ, ਪਰ ਇਸ ਤੇ ਮਰਨ ਮਰਾਉਣ ਨੂੰ ਫਿਰਦੇ ਨੇ

-ਸੰਗਤਾਰ

mugen 2d fighting games
WordPress Themes