ਏਨੇ ਦਰਦ ਦਿੱਤੇ

ਏਨੇ ਦਰਦ ਦਿੱਤੇ ਸਾਨੂੰ ਦਰਦੀਆਂ
ਹੁਣ ਨਹੀਂ ਵਿਸ਼ਵਾਸ਼ ਅੱਖਾਂ ਕਰਦੀਆਂ

ਰਹਿ ਗਿਆ ਬੁਜ਼ਦਿਲ ਕਿ ਲੱਤਾਂ ਮੇਰੀਆਂ
ਕੰਬੀਆਂ ਮਕਤਲ ਦੇ ਪੌਡੇ ਚੜ੍ਹਦੀਆਂ

ਕੈਦ ਹਰ ਬੰਦਾ ਏ ਰਾਜ਼ੀ ਹੋਣ ਨੂੰ
ਕਹਿਣ ਲਈ ਆਹ ਕੰਧਾਂ ਮੇਰੇ ਘਰ ਦੀਆਂ

ਆਉਂਦੇ ਜੀਕਰ ਨਦੀ ਨੂੰ ਸਾਗਰ ਦੇ ਖਾਬ
ਸੁਪਨਿਆਂ ਤੋਂ ਨੀਂਦਾਂ ਏਦਾਂ ਡਰਦੀਆਂ

ਟਾਹਲੀਆਂ ਤਾਂ ਸੌਂ ਕੇ ਦਿਨ ਗੁਜ਼ਾਰਨੇ
ਅੰਬ ਜਾਣੇ ਲੰਘਦੀਆਂ ਕਿੰਞ ਸਰਦੀਆਂ

ਪਰਤ ਕੇ ਲਾਸ਼ਾਂ ਹੀ ਆਵਣ ਘਰਾਂ ਨੂੰ
ਜੰਗ ਤੇ ਘੱਲੀਆਂ ਸੀ ਭਾਵੇਂ ਵਰਦੀਆਂ

ਛਿੱਲੇ ਹੋਏ ਹੱਥਾਂ ਤੇ ਉਹ ਰੋਂਦੀਆਂ
ਡੋਲ ਖੂਹ ‘ਚੋਂ ਹਾਸੇ ਦਾ ਜੋ ਭਰਦੀਆਂ

ਕਹਿਣ ਜਿੱਦਾਂ ਤਗ਼ਮਾ ਹੋਵਣ ਟੋਹਲ਼ਦੇ
ਸਾਡੀਆਂ ਵੀ ਕੁੜੀਆਂ ਕਾਲਿਜ ਪੜ੍ਹਦੀਆਂ

-ਸੰਗਤਾਰ

ਨਵਾਂ ਸਾਲ

ਨਵੇਂ ਸਾਲ ਦੀ ਨਵੀਂ ਦਹਿਲੀਜ਼ ਉਤੇ,
ਦੀਵੇ ਬਾਲ਼ ਕੇ ਮੰਗੀਏ ਖ਼ੈਰ ਯਾਰੋ।
ਵਸੇ ਸ਼ਾਂਤੀ ਜੱਗ ਤੇ ਮਿਹਰ ਹੋਵੇ,
ਮੁੱਕੇ ਈਰਖਾ ਹਿਰਖ਼ ਤੇ ਵੈਰ ਯਾਰੋ।
ਮੋਤੀ ਪਿਆਰ ਦੇ ਹੋਣ ਸੰਗਤਾਰ ਹੰਝੂ,
ਫੁੱਲ ਬਣੇ ਮੁਸਕਾਨ ਹਰ ਮੁੱਖ ਉਤੇ,
ਵਗੇ ਜੱਗ ਤੇ ਪਿਆਰ ਦੀ ਹਵਾ ਠੰਡੀ,
ਪਿੰਡ ਪਿੰਡ ਯਾਰੋ, ਸ਼ਹਿਰ ਸ਼ਹਿਰ ਯਾਰੋ।

-ਸੰਗਤਾਰ

ਤਸਵੀਰ

ਜੋਰਾਵਰ ਫਤਿਹ ਦੀ ਅੱਖ ਮੁਸਕਾ ਰਹੀ ਹੈ,
ਮਾਂ ਗੁਜਰੀ ਇੱਕ ਪਾਸੇ ਰੱਬ ਧਿਆ ਰਹੀ ਹੈ,
ਕੰਧ ਉਸਰਦੀ ਜਾ ਰਹੀ ਹੈ

ਅਸੀਂ ਲੋਕਾਂ ਨੂੰ ਕਹਿੰਦੇ ਹਾਂ ਇਹ ਸਾਡੇ ਪੁਰਖੇ
ਸਾਡੇ ਪੱਧਰੇ ਰਾਹ ਕੀਤੇ ਸੂਲ਼ਾਂ ਤੇ ਤੁਰਕੇ
ਮਾਣ ਅਸਾਨੂੰ ਸਾਡੀ ਏਸ ਵਿਰਾਸਤ ਉਤੇ
ਇਨ੍ਹਾਂ ਕਰਕੇ ਤੁਰਦੇ ਹਾਂ ਸਿਰ ਕਰਕੇ ਉਚੇ
ਅੱਜ ਪਤਾ ਨ੍ਹੀਂ ਕਿਉਂ ਸ਼ਰਮ ਜਿਹੀ ਆ ਰਹੀ ਹੈ, ਕੰਧ ਉਸਰਦੀ ਜਾ ਰਹੀ ਹੈ

ਅੱਜ ਵਰਗਾ ਉਹ ਦਿਨ ਵੀ ਇੰਞ ਹੀ ਚੜ੍ਹਿਆ ਹੋਣਾ
ਤ੍ਰੇਲ ਨੇ ਹੰਝੂਆਂ ਵਾਂਗ ਫੁੱਲਾਂ ਨੂੰ ਫੜਿਆ ਹੋਣਾ
ਜਿਉਂ ਜਿਉਂ ਕਦਮ ਜੁਆਕਾਂ ਕੰਧ ਵੱਲ ਪੁੱਟੇ ਹੋਣੇ
ਧੂੜ ਦੇ ਛੋਟੇ ਛੋਟੇ ਬੱਦਲ਼ ਉਠੇ ਹੋਣੇ
ਧੂੜ ਉਹ ਮੇਰੇ ਗਲ਼ ਨੂੰ ਚੜ੍ਹਦੀ ਆ ਰਹੀ ਹੈ, ਕੰਧ ਉਸਰਦੀ ਜਾ ਰਹੀ ਹੈ

ਇੱਟਾਂ ਠੰਡੀਆਂ ਠੰਡੀਆਂ ਨਾਲ਼ੇ ਗਾਰਾ ਠੰਡਾ
ਤਨ ਕਰ ਦਿੱਤਾ ਹੋਣਾ ਚਿਣਗਾਂ ਸਾਰਾ ਠੰਡਾ
ਗੋਡੇ ਗੋਡੇ ਉਸੱਰੀ ਕੰਧ ‘ਚ ਲੱਤਾਂ ਜੜੀਆਂ
ਸ਼ਾਇਦ ਵੇਖੀਆਂ ਹੋਣ ਹਿਲਾ ਇੱਟਾਂ ਨੇ ਫੜੀਆਂ
ਭਾਰ ਚੀਜ਼ ਕੋਈ ਤਨ ਮੇਰੇ ਤੇ ਪਾ ਰਹੀ ਹੈ, ਕੰਧ ਉਸਰਦੀ ਜਾ ਰਹੀ ਹੈ

ਘੁੱਟ ਘੁੱਟ ਕੇ ਇੱਟਾਂ ਜਦ ਛਾਤੀ ਤੀਕਰ ਆਈਆਂ
ਲਾਚਾਰ ਹਿਲਾ ਕੇ ਜਿਸਮ ਵੇਖਿਆ ਹੋਊ ਭਾਈਆਂ
ਛਾਤੀ ਦੇ ਵਿੱਚ ਘੁੱਟੀ ਹਵਾ ਜੋ ਤੰਗ ਹੋਏਗੀ
ਗਿੱਲੀਆਂ ਇੱਟਾਂ ਦੀ ਉਹਦੇ ਵਿੱਚ ਗੰਧ ਹੋਏਗੀ
ਗੰਧ ਉਹ ਮੇਰੇ ਸਿਰ ਨੂੰ ਕਿਉਂ ਘੁਮਾ ਰਹੀ ਹੈ, ਕੰਧ ਉਸਰਦੀ ਜਾ ਰਹੀ ਹੈ

ਘੁੱਟਿਆ ਸਾਹ ਬੇਹੋਸ਼ ਗੁਰੂ ਦੇ ਲਾਲ ਹੋ ਗਏ
ਹੁਣ ਤੱਕ ਸੰਭਲ਼ੇ ਕਾਤਲ ਵੀ ਬੇਹਾਲ ਹੋ ਗਏ
ਦੋ ਮਾਸੂਮ ਦਿਲਾਂ ਦੀ ਧੜਕਣ ਬੰਦ ਹੋ ਗਈ
ਇਨਸਾਨ ਹੋਏ ਹਤਿਆਰੇ ਕਾਤਿਲ ਕੰਧ ਹੋ ਗਈ
ਕਿਉਂ ਹੋਏ? ਇਹ ਗੱਲ ਮਨ ਨੂੰ ਉਲ਼ਝਾ ਰਹੀ ਹੈ, ਕੰਧ ਉਸਰਦੀ ਜਾ ਰਹੀ ਹੈ

ਵਿੱਚ ਸਰਹੰਦ ਦੇ ਦੋ ਬੱਚਿਆਂ ਦੀਆਂ ਪਈਆਂ ਲ਼ਾਸ਼ਾਂ
ਕੁਝ ਦੂਰੀ ਤੇ ਮਾਂ ਗੁਜਰੀ ਦੀਆਂ ਢਈਆਂ ਆਸਾਂ
ਸਾਰੇ ਜਗਤ ਖੜੋ ਕੇ ਇੱਕ ਦੋ ਹੰਝੂ ਕੇਰੇ
(ਫਿਰ) ਆਪਣੀ ਚਾਲੇ ਤੁਰ ਪਏ ਭੁੱਲ ਕੇ ਨੀਲੇ ਚਿਹਰੇ
“(ਕੁਛ) ਨ੍ਹੀ ਏਥੇ” ਕੋਈ ਮਾਂ ਪੁੱਤ ਨੂੰ ਸਮਝਾ ਰਹੀ ਏ, ਕੰਧ ਉਸਰਦੀ ਜਾ ਰਹੀ ਹੈ

ਰੱਬ ਦੀ ਰਜ਼ਾ ‘ਚ ਹਿੰਦੂ ਮੁਸਲਮਾਨ ਤੇ ਸਿੱਖ ਨੇ
ਜੇ ਉਸਦੀ ਅੱਖ ਦੇ ਵਿੱਚ ਸਾਰੇ ਬੰਦੇ ਇੱਕ ਨੇ
(ਫਿਰ) ਕਿਉਂ ਇਤਹਾਸ ਸਾਰੇ ਦਾ ਹਰ ਇੱਕ ਲਾਲ ਸਫ਼ਾ ਏ
ਕਿਉਂ ਫਿਰ ਹਰ ਇੱਕ ਕੌਮ ਦੂਜੀ ਦੇ ਨਾਲ਼ ਖ਼ਫ਼ਾ ਏ
ਭੁੱਲ ਕੇ ਰਾਹ ਦੁਨੀਆਂ ਕਿਉਂ ਗੋਤੇ ਖਾ ਰਹੀ ਹੈ, ਕੰਧ ਉਸਰਦੀ ਜਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ।

-ਸੰਗਤਾਰ

ਉਲ਼ਝਿਆ ਫਿਰਾਂ

ਉਲ਼ਝਿਆ ਫਿਰਾਂ ਖੌਰੇ ਸੁਲ਼ਝਿਆ ਫਿਰਾਂ
ਪਾਣੀ ਹੋ ਕੇ ਪਾਣੀ ਨੂੰ ਹੀ ਤਰਸਿਆ ਫਿਰਾਂ

ਉਡਾਨ ‘ਚ ਫਿਰਾਂ ਜਾਂ ਧਿਆਨ ‘ਚ ਫਿਰਾਂ
ਬਿਖਰੀਆਂ ਸੋਚਾਂ ‘ਚ ਸਮੇਟਿਆ ਫਿਰਾਂ

ਵਿਰਾਗ ‘ਚ ਫਿਰਾਂ ਵਿਸਮਾਦ ‘ਚ ਫਿਰਾਂ
ਹੋਂਦ ਅਣਹੋਂਦ ਵਿੱਚ ਲਟਕਿਆ ਫਿਰਾਂ

-ਸੰਗਤਾਰ

ਜ਼ਿੰਦਗੀ ਦੇ ਮਾਅਨੇ

ਵੇਦਾਂ ਉਪਨਿਸ਼ਦਾਂ ਨੂੰ ਫੋਲ ਫੋਲ ਵੇਖਨੈਂ
ਮੰਦਰਾਂ ਦੇ ਬੰਦ ਬੂਹੇ ਖੋਲ ਖੋਲ ਵੇਖਨੈਂ
ਮਨ ਵਾਲ਼ੇ ਟੱਲ ਸੌਖੇ ਨਹੀਂਓਂ ਵੱਜਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ

ਦੁਨੀਆਂ ‘ਚੋਂ ਖੱਟੇ ਹੋਏ ਵਰਾਂ ਤੇ ਸਰਾਪਾਂ ਨੂੰ
ਤੋਲ ਤੋਲ ਵੇਖਦਾ ਏਂ ਪੁੰਨਾਂ ਅਤੇ ਪਾਪਾਂ ਨੂੰ
ਕਿਹਨੇ ‘ਸ੍ਹਾਬ ਰੱਖਣੇ ਤੇ ਕਿਹਨੇ ਕੱਢਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ

ਪੂਜਾ ਪਾਠ ਦਾਨ ਤੇ ਚੜ੍ਹਾਵਿਆਂ ਨੇ ਮਾਰਿਆ
ਨਿੱਤ ਅਰਦਾਸਾਂ ਮੱਥੇ ਟੇਕ ਟੇਕ ਹਾਰਿਆ
ਚੰਗੇ ਪਲ ਵਿਹਲੇ ਕੰਮੀਂ ਜਾ ਲੱਗਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ

ਸੁਪਨਿਆਂ ਖਿਆਲਾਂ ਦੇ ਸੌ ਕਰੇਂ ਅਨੁਵਾਦ ਤੂੰ
ਕਰਮਾਂ ਦੇ ਟੇਵਿਆਂ ‘ਚੋਂ ਲੱਭਦੈਂ ਹਿਸਾਬ ਤੂੰ
ਪਤਾ ਨਹੀਂ ਤੂਫਾਨ ਵਰ੍ਹਨੇ ਕਿ ਗੱਜਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ

ਸਿਫ਼ਰ ਦਾ ਲਾਟੂ ਕਦੇ ਬੁਝੇ ਕਦੇ ਜਗਦਾ
ਬੁਝਿਆ ਨਾ ਦਿਸੇ ਪਤਾ ਜਗੇ ਦਾ ਨਾ ਲੱਗਦਾ
ਰੌਸ਼ਨੀ ਦੇ ਨਾਂ ਤੇ ਇਹਨੇ ਯੁੱਗ ਠੱਗਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ

-ਸੰਗਤਾਰ

ਮਹਿਕੀਆਂ ਹਵਾਵਾਂ

0912-blue

ਮਹਿਕੀਆਂ ਹਵਾਵਾਂ ਦੇ ਸੌ ਯਾਰ ਹੁੰਦੇ ਨੇ
ਰੁੱਸਦੇ ਨੇ ਫੁੱਲ ਤਾਂ ਖ਼ੁਆਰ ਹੁੰਦੇ ਨੇ

ਫੁੱਲਾਂ ਕੋਲ਼ੋਂ ਸਾਂਭੀ ਨਹੀਂਓਂ ਜਾਂਦੀ ਮਹਿਕਾਰ
ਹਵਾ ਕੋਲ਼ ਐਸੇ ਹਥਿਆਰ ਹੁੰਦੇ ਨੇ

ਚੂਸ ਜਿੰਦਗਾਨੀ ਮਜਬੂਰੀਆਂ ਦੇ ਵਿੱਚੋਂ
ਡਾਢਿਆਂ ਦੇ ਚਿਹਰੇ ਤੇ ਨਿਖਾਰ ਹੁੰਦੇ ਨੇ

ਰੋਜ਼ ਹੀ ਸ਼ਿਕਾਰੀ ਤੁਰੇ ਮੌਤ ਜੇਬ ਪਾਕੇ
ਰੋਜ਼ ਹੀ ਅਚਿੰਤੇ ਕਈ ਸ਼ਿਕਾਰ ਹੁੰਦੇ ਨੇ

ਮਰਨਾ ਤਾ ਪੈਣਾ ਕਿਉਂ ਮਰੀਏ ਬੇਮਹਿਕੇ
ਰੋਜ਼ ਫੁੱਲਾਂ ਵਿੱਚ ਇਹ ਵਿਚਾਰ ਹੁੰਦੇ ਨੇ

-ਸੰਗਤਾਰ

ਕੀ ਅੱਖ ਵੇਖਦੀ

0912-reflection

ਨਦੀ ‘ਚ ਪਾਣੀ
ਪਾਣੀ ‘ਚ ਚੰਨ
ਚੰਨ ਤੇ ਰੌਸ਼ਨੀ
ਰੌਸ਼ਨੀ ‘ਚ ਸੂਰਜ

ਸੂਰਜ ਨੂੰ ਨਦੀ ‘ਚੋਂ ਅੱਖ ਵੇਖਦੀ
ਅੱਖ ਤੋਂ ਬਿਨਾਂ ਕੀ ਅੱਖ ਵੱਖ ਵੇਖਦੀ

-ਸੰਗਤਾਰ

ਬੁਝਦੇ ਜਗਦੇ ਰੋਂਦੇ ਹੱਸਦੇ

0912-statue-sf

ਬੁਝਦੇ ਜਗਦੇ ਰੋਂਦੇ ਹੱਸਦੇ ਫੱਬਦੇ ਫਿਰਦੇ ਹਾਂ
ਦੁਨੀਆਂ ਵਿੱਚ ਗੁਆਚੇ ਬੰਦੇ ਰੱਬ ਦੇ ਫਿਰਦੇ ਹਾਂ

ਨਾ ਪੁਨੂੰ ਨਾ ਖ਼ਾਬ ਪੁਨੂੰ ਦਾ ਕੁਝ ਵੀ ਹੋਤਾਂ ਲੁੱਟਿਆ ਨਹੀਂ
ਪਤਾ ਨਾ ਥਲ ਵਿੱਚ ਕਿਹਦੀਆਂ ਪੈੜਾਂ ਦੱਬਦੇ ਫਿਰਦੇ ਹਾਂ

ਘਰਦੇ ਦੀਵੇ ਬੁਝਦੇ ਜਾਂਦੇ ਅੱਖ ਅਸਮਾਨੀ ਤਾਰੇ ਤੇ
ਤਨ ਨੂੰ ਨੰਗਾ ਕਰਕੇ ਮਨ ਨੂੰ ਕੱਜਦੇ ਫਿਰਦੇ ਹਾਂ

ਮਹਿਕਾਂ ਪਿੱਛੇ ਭੱਜਦਾ ਕੋਈ ਫੁੱਲ ਕਿਸੇ ਨੇ ਤੱਕਿਆ ਨਹੀਂ
ਮਹਿਕਾਂ ਹੋ ਫੁੱਲ ਪਿੱਛੇ ਪਿੱਛੇ ਭੱਜਦੇ ਫਿਰਦੇ ਹਾਂ

ਅੱਜ ਨੂੰ ਕਾਲ਼ਾ ਕਰਕੇ ਭਰਦੇ ਰੰਗ ਭਲ਼ਕ ਵਿੱਚ ਰਹਿੰਦੇ ਹਾਂ
ਕਾਲ਼ੇ ਦਿਨਾਂ ‘ਚ ਕੰਧੀਂ ਕੌਲ਼ੀਂ ਵੱਜਦੇ ਫਿਰਦੇ ਹਾਂ

ਜਿਹੜੀਆਂ ਦਿਲ ਨੇ ਚੰਦ ਗੁਫ਼ਾ ਦੇ ਅੰਦਰ ਸਾਂਭ ਕੇ ਰੱਖੀਆਂ ਨੇ
ਉਹ ਚੀਜ਼ਾਂ ਵੀ ਦੁਨੀਆਂ ਵਿੱਚੋਂ ਲੱਭਦੇ ਫਿਰਦੇ ਹਾਂ

-ਸੰਗਤਾਰ

ਅੱਖੋਂ ਦੂਰ ਹੋਣ ਜਿਹੜੇ

0912-sadness-yvonne-munnik

ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਪਤਾ ਨਹੀਂ ਕੀ ਬੀਤੇ ਉਨ੍ਹਾਂ ਉੱਤੇ
ਪਤਾ ਨਹੀਂ ਉਹ ਰਾਤਾਂ ਕਿੰਞ ਜਾਗ ਜਾਗ ਕੱਟਦੇ ਨੇ
ਘੁੰਮਦੇ ਨੇ ਦਿਨੇਂ ਸੁੱਤੇ ਸੁੱਤੇ
ਪਤਾ ਨਹੀਂ ਉਹ ਕਿਹੜਿਆਂ ਸਿਆਲਾਂ ਬਾਰੇ ਸੋਚਦੇ ਨੇ
ਖੇੜਿਆਂ ਨੇ ਜਿਹੜੇ ਬਾਗੋਂ ਪੁੱਟੇ
ਪਤਾ ਨਹੀਂ ਉਹ ਰੋਜ਼ ਕਿਹੜੇ ਜੋਗੀ ਨੂੰ ਉਡੀਕਦੇ ਨੇ
ਆਉਂਦੇ ਨੇ ਖਿਆਲ ਪੁੱਠੇ ਪੁੱਠੇ
ਪਤਾ ਨਹੀਂ ਉਹ ਕੱਟ ਕੇ ਬਣਾਉਣਾ ਫੰਧਾ ਲੋਚਦੇ ਨੇ
ਪੀਂਘ ਨੂੰ ਤ੍ਰਿੰਜਣਾ ਦੀ ਰੁੱਤੇ

ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਪਤਾ ਨਹੀਂ ਉਹ ਰੋਂਦੇ ਕਿੰਨੀ ਵਾਰੀ
ਕਿੰਨੀ ਵਾਰੀ ਸੂਲ਼ਾਂ ਵਾਂਗੂੰ ਚੁੱਭਦੇ ਕਲੀਰੇ ਬਾਹੀਂ
ਤੋੜ ਤੋੜ ਖਾਵੇ ਫੁਲਕਾਰੀ
ਕਿੰਨੀ ਵਾਰ ਯਾਦ ਲੱਗੇ ਕਰਦੀ ਦੋਫਾੜ ਦਿਲ
ਕਿੰਨੀ ਵਾਰੀ ਫਿਰੇ ਸੀਨੇ ਆਰੀ
ਕਿੰਨੀ ਵਾਰੀ ਜੋਕਾਂ ਵਾਂਗੂੰ ਇੱਕ ਇੱਕ ਵਾਲ਼ ਲੱਗੇ
ਪੀਵੀ ਜਾਂਦਾ ਰੱਤ ਸਿਰੋਂ ਸਾਰੀ
ਕਿੰਨੀ ਵਾਰ ਆਉਂਦੇ ਆਉਂਦੇ ਰੁਕ ਜਾਣ ਸੱਜਣਾ ਦੇ
ਸੁਪਨੇ ਵੀ ਹੋਣ ਇਨਕਾਰੀ

ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਉਨ੍ਹਾਂ ਕਿਹੜਾ ਕੋਈ ਖ਼ਤ ਪਾਇਆ
ਉਨ੍ਹਾਂ ਕਿਹੜਾ ਦੱਸਿਆ ਕਿ ਖਿੜੇ ਭਰੇ ਬਾਗ ਵਿੱਚ
ਇੱਕੋ ਫੁੱਲ ਦਿਸੇ ਕੁਮਲ਼ਾਇਆ
ਪਤਾ ਨਹੀਂ ਸਵੇਰ ਕਿੰਜ ਚੜ੍ਹੇ ਕਿੰਜ ਸ਼ਾਮ ਪਵੇ
ਕਿਹੜੀ ਮਜਬੂਰੀ ਜਾਲ਼ ਪਾਇਆ
ਐਵੇਂ ਤਾਂ ਨਹੀਂ ਸਾਂਝ ਡੂੰਘੀ ਵਾਲ਼ਿਆਂ ਨੂੰ ਭੁੱਲ ਹੁੰਦਾ
ਐਵੇਂ ਨਹੀਂਓਂ ਜਾਂਦਾ ਦਿਲ ਲਾਇਆ
ਹੋ ਸਕਦੈ ਦੋ ਝੂਠੇ ਮੂਠੇ ਅੱਖਰ ਵੀ ਲਿਖਣੇ ਨੂੰ
ਤੁਪਕਾ ਵੀ ਖੂੰਨ ਨਾ ਥਿਆਇਆ

ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਉਹੀ ਜਾਣੇ ਜਿਹਦੇ ਨਾਲ਼ ਬੀਤੇ
ਘੋਲ਼ ਘੋਲ਼ ਕੱਚ ਟੁੱਟੇ ਦਿਲਾਂ ਦੇ ਪਾ ਲੂਣ ਹੰਝੂ
ਘੁੱਟ ਘੁੱਟ ਕਿੰਞ ਜਾਂਦੇ ਪੀਤੇ
ਧਾਗੇ ਪਾ ਕਬੀਲਦਾਰੀ ਵਾਲ਼ੇ ਸੂਈਆਂ ਵਿੱਚ ਫੱਟ
ਇਸ਼ਕੇ ਦੇ ਜਾਂਦੇ ਨਹੀਂਓਂ ਸੀਤੇ
ਜ਼ਿੰਦਗੀ ਦੇ ਮਾਰੂਥਲਾਂ ਵਿੱਚ ਬਹਿ ਕੇ ਹੰਝੂਆਂ ਦੇ
ਕਿੰਨੇ ਮੋਤੀ ਦਾਨ ਉਨ੍ਹਾਂ ਕੀਤੇ
ਫੇਰ ਵੀ ਨਾ ਸੁਣੀ ਰੱਬ ਫਟ ਚੱਲੇ ਦਰਦਾਂ ਦੇ
ਸੋਕਿਆਂ ਨੇ ਸਾੜਤੇ ਪਲੀਤੇ
ਅੱਖੋਂ ਦੂਰ ਹੋਣ ਜਿਹੜੇ
ਲੱਗਦਾ ਉਹ ਸੁਖੀ ਪਰ
ਉਹੀ ਜਾਣੇ ਜਿਹਦੇ ਨਾਲ਼ ਬੀਤੇ

-ਸੰਗਤਾਰ

ਕੋਈ ਨੇੜੇ ਦਾ ਕੋਈ ਦੂਰ ਦਾ ਏ

ਬੰਦੇ ਸਾਰੇ ਬੰਦੇ ਨੇ,
ਪਰ ਵਿੱਚ ਸਰਹੱਦੀ ਕੰਧ ਤਾਂ ਹੈ,
ਕੋਈ ਨੇੜੇ ਦਾ ਕੋਈ ਦੂਰ ਦਾ ਏ

ਬੰਦੇ ਦੇ ਨਾਲ਼ ਬੰਦੇ ਦਾ
ਪਰ ਫਿਰ ਵੀ ਕੋਈ ਸਬੰਧ ਤਾਂ ਹੈ,
ਕੋਈ ਨੇੜੇ ਦਾ ਕੋਈ ਦੂਰ ਦਾ ਏ

-ਸੰਗਤਾਰ

/div>