Skip to content

Recent Articles

15
Apr

ਫਿਰਦੇ ਨੇ

ਆਪ ਕਟਾ ਕੇ ਵਾਲ਼ ਬਲੀਚ ਕਰਾਉਣ ਨੂੰ ਫਿਰਦੇ ਨੇ
‘ਕਲਚਰ ਬਚ ਜਏ’ ਕੁੜੀ ਦੀ ਜੀਨ ਲਹਾਉਣ ਨੂੰ ਫਿਰਦੇ ਨੇ

ਸ਼ੌਂਕੀ ਸਾਹਿਤ ਦਾ ਤਾਂ ਇੱਥੇ ਲੱਭਿਆਂ ਮਿਲ਼ਦਾ ਨਹੀਂ
ਪਰ ਮੋੜਾਂ ਤੇ ਮੀਲ ਪੱਥਰ ਲਗਵਾਉਣ ਨੂੰ ਫਿਰਦੇ ਨੇ

ਕਈ ਵਾਰੀ ਦਿਲ ਏਨਾ ਦੁਖੇ ਕਿ ਹਾਲਤ ਪੁੱਛੋ ਨਾ
‘ਪੰਜਾਬੀ’ ਜੱਜੇ ਪੈਰ ‘ਚ ਬਿੰਦੀ ਪਾਉਣ ਨੂੰ ਫਿਰਦੇ ਨੇ

ਸਾਂਝੀ ਬੋਲੀ ਸਾਂਝੀ ਧਰਤੀ ਸਾਂਝੇ ਪਾਣੀ ਤੇ
ਧਰਮ ਦੀ ਕੂਚੀ ਲੈ ਕੇ ਲੀਕਾਂ ਵਾਹੁਣ ਨੂੰ ਫਿਰਦੇ ਨੇ

ਸੂਝਵਾਨ ਤਾਂ ਡਰਦੇ ਹੀ ਇਸ ਵੱਡੇ ਟੋਲੇ ਤੋਂ
ਪੇਪਰ ਤੁੰਨ ਝੋਲ਼ੇ ਵਿੱਚ ਜਾਨ ਬਚਾਉਣ ਨੂੰ ਫਿਰਦੇ ਨੇ

ਗੀਤਾਂ, ਗਜ਼ਲਾਂ ਗਲਪ ਬਿਨਾ ਕੀ ਬਚੂ ਪੰਜਾਬੀ ਦਾ
ਪਤਾ ਨਹੀਂ, ਪਰ ਇਸ ਤੇ ਮਰਨ ਮਰਾਉਣ ਨੂੰ ਫਿਰਦੇ ਨੇ

-ਸੰਗਤਾਰ

9
Apr

ਹਰ ਫੁੱਲ ਦੀਆਂ ਸੁਗੰਧੀਆਂ

ਹਰ ਫੁੱਲ ਦੀਆਂ ਸੁਗੰਧੀਆਂ ਮਨ ਨੂੰ ਭਾਉਂਦੀਆਂ ਨਹੀਂ
ਸਭ ਸੱਜਣਾਂ ਦੀਆਂ ਸੰਗਤਾਂ ਸਦਾ ਸੁਹਾਂਦੀਆਂ ਨਹੀਂ

ਉੱਡ  ਉੱਡ ਦਿਲ ਦੇ ਟੁਕੜੇ ਜਾਣ ਤਾਂ ਕਈ ਪਾਸੇ
ਹਰ ਪਾਸੇ ਤੋਂ ਠੰਡੀਆਂ ‘ਵਾਵਾਂ ਆਉਂਦੀਆਂ ਨਹੀਂ

ਕਿੰਨੇ ਜਲਣ ਪਤੰਗੇ ਸੜ ਕੇ  ਲਾਟਾਂ ਤੇ
ਕੀ ਮਾਵਾਂ ਤੋਰਨ ਵੇਲੇ ਕੁਛ ਸਮਝਾਉਂਦੀਆਂ ਨਹੀਂ

ਲਿਖ ਲੈ ਉੱਠ ਕੇ  ਇੱਕ ਦੋ ਗੀਤ ਮੁਹੱਬਤ ਦੇ
ਕਾਲ਼ੀਆਂ ਏਦਾਂ ਰੋਜ਼ ਘਟਾਵਾਂ ਛਾਉਂਦੀਆਂ ਨਹੀਂ

ਉੱਠਦਿਆਂ ਸਾਰ ਹੀ ਸੁਪਨੇ ਦੀ ਖ਼ੁਸ਼ਬੋ ਮਰ ਗਈ
ਸੌਂਦੀਆਂ ਜਦੋਂ ਬਹਾਰਾਂ ਨੀਂਦਾਂ ਆਉਂਦੀਆਂ ਨਹੀਂ

-ਸੰਗਤਾਰ

31
Mar

ਡਾ. ਜਗਤਾਰ ਨਹੀਂ ਰਹੇ

ਪੰਜਾਬੀ ਸਾਹਿਤ ਨੂੰ ਮੋਹ ਕਰਨ ਵਾਲਿਆਂ ਲਈ ਬੜੇ ਦੁੱਖ ਵਾਲੀ ਖਬਰ ਹੈ ਕਿ ਪੰਜਾਬੀ ਸ਼ਾਇਰ, ਸਾਹਿਤਕਾਰ, ਅਲੋਚਕ ਅਤੇ ਖੋਜੀ ਡਾ. ਜਗਤਾਰ ਕੱਲ ਦਮੇ ਤੇ ਸ਼ੂਗਰ ਦੀ ਬਿਮਾਰੀ ਨਾਲ਼ ਜੂਝਦੇ ਹੋਏ ਦਮ ਤੋੜ ਗਏ। ਮੈਂ ਹਾਲੇ ਇੱਕ ਮਹਿਨਾ ਪਹਿਲਾਂ ਹੀ ਉਹਨਾਂ ਨੂੰ ਮਿਲ਼ ਕੇ ਆਇਆ ਹਾਂ। ਉਹਨਾਂ ਦੇ ਸ਼ੇਅਰ ਅਤੇ ਉਹਨਾਂ ਦਾ ਸੰਗਠਤ ਕੀਤਾ ਹੋਇਆ ਪੰਜਾਬੀ ਸੂਫੀ ਕਾਵਿ ਸਦੀਆਂ ਤੱਕ ਪੰਜਾਬੀਆਂ ਦੇ ਮਨ ਵਿੱਚ ਗੂੰਜਦੇ ਰਹਿਣਗੇ । ਇੱਥੇ  ਉਹਨਾਂ ਦੀ ਇੱਕ ਗ਼ਜ਼ਲ ਦੇ ਕੁੱਝ ਸ਼ੇਅਰ ਦਰਜ ਕਰ ਰਿਹਾਂ ਹਾਂ:

ਮੈਂ ਕਿਤੇ ਰੁਕਣਾ ਨਹੀਂ, ਛਾਵਾਂ ਸਰਾਵਾਂ ਵਿੱਚ ਕਦੇ
ਹਮਸਫਰ ਰਸਤੇ ‘ਚ ਕੋਈ ਰਹਿ ਲਵੇ ਤਾਂ ਰਹਿ ਲਵੇ

ਮੈਂ ਕਰਾਂਗਾ ਸਭ ਨਬੇੜੇ ਬੈਠ ਕੇ ਸੂਰਜ ਦੇ ਨਾਲ਼
ਛਾਂ ਤੇਰੀ ਦੀਵਾਰ ਦੀ ਕੁੱਝ ਹੋਰ ਥੱਲੇ ਲਹਿ ਲਵੇ

ਮੇਰਾ ਦਿਲ ਦਰਿਆ ਹੈ, ਫੱਲਾਂ ਦੇ ਨਾ ਮੌਸਮ ਤੋਂ ਡਰੇ
ਮੇਰੇ ਘਰ ਅੰਦਰ ਖਿਜ਼ਾਂ ਬੇਖੌਫ ਹੋ ਕੇ ਰਹਿ ਲਵੇ

-ਡਾ. ਜਗਤਾਰ

25
Mar

ਦਰਿਆ

ਦਰਿਆ ਦੇ
ਦਿਲ ਦੇ ਦਰਿਆ ਵਿੱਚ
ਹੜ੍ਹ ਹੈ
ਤੁਫ਼ਾਨ ਹੈ
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ

ਕਦੇ ਕਦਾਈਂ ਦਿਲ ਦਰਿਆ ’ਤੇ
ਕੜਕਦੀਆਂ ਬਿਜਲੀਆਂ ’ਚੋਂ
ਕੋਈ ਤਰੰਗ ਬਾਹਰ ਆਉਂਦੀ ਹੈ
ਸ਼ਾਂਤ ਵਗਦੇ ਪਾਣੀ ਵਿੱਚ
ਕੋਈ ਮਛਲੀ ਛਟਪਟਾਉਂਦੀ ਹੈ

ਕਦੇ ਕਦਾਈਂ ਦਿਲ ਦਰਿਆ ’ਤੇ
ਵਗਦੀਆਂ ਤੇਜ਼ ਹਵਾਵਾਂ ’ਚੋਂ
ਕੋਈ ਬੁੱਲਾ ਬਾਹਰ ਆਉਂਦਾ ਹੈ
ਦਰਿਆ ਛਟਪਟਾਉਂਦਾ ਹੈ

ਦਰਿਆ ਦੇ
ਦਿਲ ਦੇ ਦਰਿਆ ਵਿੱਚ
ਹੜ੍ਹ ਹੈ
ਤੁਫ਼ਾਨ ਹੈ
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ।

-ਸੰਗਤਾਰ

23
Mar

ਭਗਤ ਸਿੰਘ ਦੀ ਕੁਰਬਾਨੀ

ਭਗਤ ਸਿੰਘ ਦੀ ਜਦੋਂ ਤਸਵੀਰ ਵੇਖੀ
ਵਿੱਚ ਦਿਲ ਦੇ ਕਈ ਖਿਆਲ ਆਏ।
ਰੰਗ ਬਦਲਿਆਂ ਦਿਲ ਨਾ ਜਾਣ ਬਦਲੇ
ਲੀਡਰ ਖੇਡਦੇ ਸਦਾ ਹੀ ਚਾਲ ਆਏ।
ਜਾਨ ਦੇ ਕੇ ਭਰ ਜਵਾਨ ਉਮਰੇ
ਉਹਨੇ ਖਾਬ ਅਜ਼ਾਦੀ ਦਾ ਵੇਖਿਆ ਸੀ
ਉਹਦੇ ਦਿਲ ਦੀ ਆਸ ਨਾ ਹੋਈ ਪੂਰੀ
ਸਾਲ ਮਗਰੋਂ ਬੀਤਦੇ ਸਾਲ ਆਏ।

-ਸੰਗਤਾਰ

18
Mar

ਜਿਹਨੇ ਖੇਡ ਕੇ

ਜਿਹਨੇ ਖੇਡ ਕੇ ਗਲ਼ੀ ਵਿੱਚ ਵੇਖਿਆ ਨਾ
ਜਿਹਦੇ ਤਨ ਨੂੰ ਮਿੱਟੀ ਨਾ ਕਦੇ ਲੱਗੀ
ਹੱਥ ਫੜੀ ਨਾ ਕਦੇ ਗੁਲੇਲ ਹੋਵੇ
ਰੇੜ੍ਹੀ ਹੋਵੇ ਨਾ ਮਿੱਟੀ ਦੀ ਬਣੀ ਗੱਡੀ
ਰਗੜੀ ਅੰਬ ਦੀ ਕਦੇ ਨਾ ਗੁਠੀ ਹੋਵੇ
ਨੜਾ ਚੀਰ ਨਾ ਬੀਨ ਬਣਾ ਛੱਡੀ
ਮੁੰਜ ਬਗੜ ਸਰੁਹਾੜ ਕੀ ਖੜ ਕਾਹੀ
ਤੂੜੀ ਤੂੜ ਕੇ ਵੇਖੀ ਨਾ ਹੋਏ ਲੱਦੀ

ਠੋਹਲੇ ਅਤੇ ਭੜੋਲੇ ਨੇ ਕੀ ਹੁੰਦੇ
ਚਾਟੀ ਚੱਪਣੀ ਗਾਗਰ ਤੇ ਘੜਾ ਕੀ ਏ
ਭਾਬੀ ਸੱਸ ਤੇ ਨਣਦ ਦੀ ਕੀ ਟੱਕਰ
ਅਜੇ ਕੌਣ ਕੁਆਰਾ ਤੇ ਛੜਾ ਕੀ ਏ
ਸੱਥ ਕੀ ਤੇ ਕੀ ਪੰਚਾਇਤ ਹੁੰਦੀ
ਬੁੱਢਾ ਪਿੱਪਲ਼ ਤੇ ਪਿੰਡ ਦਾ ਥੜ੍ਹਾ ਕੀ ਏ
ਏਕੜ ਖੇਤ ਘੁਮਾ ਤੇ ਕੀ ਪੈਲ਼ੀ
ਮਰਲਾ ਕਰਮ ਕਨਾਲ਼ ‘ਚੋਂ ਬੜਾ ਕੀ ਏ

ਅਰਲ਼ੀ ਹਲ਼ਸ ਪੰਜਾਲ਼ੀ ਤੇ ਜੁੰਗਲ਼ੇ ਨੂੰ
ਭੁੱਲ਼ੀ ਜਾਂਦੇ ਨੇ ਲੋਕ ਬੇਲੋੜ ਕਹਿ ਕੇ
ਦੇਸੀ ਆਖਦੇ ਨੇ ਅਸਲੀ ਚੀਜ਼ ਤਾਂਈਂ
ਬਦਲੀ ਜਾਂਦੇ ਨੇ ਵਕਤ ਦਾ ਮੋੜ ਕਹਿ ਕੇ
ਉਂਞ ਠੀਕ ਵੀ ਵਕਤ ਦੇ ਨਾਲ਼ ਤੁਰਨਾ
ਪਰ ਭੁੱਲ ਨਾ ਜਾਇਓ ਜ਼ੁਬਾਨ ਆਪਣੀ
ਨਹੀਂ ਤਾਂ ਮਾਰੇਗੀ ਸ਼ਰਮ ਜਦ ਬੱਚਿਆਂ ਨੇ
ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ

-ਸੰਗਤਾਰ

mugen 2d fighting games
WordPress Themes